ਸ਼ਿਕਾਗੋ, 18 ਅਗਸਤ (ਡਾ. ਗਿੱਲ)- ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਬਾਪੂ ਸੂਰਤ ਸਿੰਘ ਖਾਲਸਾ ਦੇ ਜਵਾਈ ਭਾਈ ਸਤਵਿੰਦਰ ਸਿੰਘ ਭੋਲਾ ਦੇ ਸ਼ਿਕਾਗੋ ਵਿਖੇ ਹੋਏ ਕਤਲ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਇਹ ਕਤਲ ਨਾ ਤਾਂ ਡਾਕੇ ਨਾਲ ਸਬੰਧਿਤ ਹੈ ਅਤੇ ਨਾ ਹੀ ਕਿਸੇ ਚੋਰੀ ਚਕਾਰੀ ਨਾਲ। ਇਹ ਕਤਲ ਇੱਕ ਬਹੁਤ ਹੀ ਗਿਣੀਮਿੱਥੀ ਸਾਜ਼ਿਸ਼ ਤਹਿਤ ਦੋ ਅਣਪਛਾਤੇ ਕਾਤਿਲਾਂ ਵੱਲੋਂ ਕੀਤਾ ਗਿਆ ਹੈ। ਭਾਈ ਭੋਲਾ ਬੀਤੀ ਰਾਤ 11.45 ਵਜੇ ਦੇ ਕਰੀਬ ਜਿਵੇਂ ਹੀ ਪਾਰਕਿੰਗ ਵਿੱਚ ਆਪਣੀ ਕਾਰ ਖੜ੍ਹੀ ਕਰਕੇ ਗੱਡੀ ’ਚੋਂ ਬਾਹਰ ਨਿਕਲੇ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਉਨ੍ਹਾਂ ਦੀ ਗਰਦਨ ਉ¤ਪਰ ਵਾਰ ਕੀਤਾ। ਕਾਤਿਲਾਂ ਨੂੰ ਜਦ ਉਸ ਦੇ ਮਰਨ ਦੀ ਪੁਸ਼ਟੀ ਹੋ
ਗਈ ਤਦ ਹੀ ਉਹ ਉਥੋਂ ਨਿਕਲੇ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਤਿਲ ਗੋਰੇ ਸਨ, ਕਾਲੇ ਜਾਂ ਭਾਰਤੀ ਮੂਲ ਦੇ। ਪਰ ਪੁਲਿਸ ਦੀ ਚੌਕਸੀ ਕਾਰਨ ਕਾਤਿਲਾਂ ਨੂੰ ਜਲਦ ਗ੍ਰਿਫਤਾਰ ਕਰ ਲਏ ਜਾਣ ਦੀ ਸੰਭਾਵਨਾ ਹੈ। ਪ੍ਰਾਪਤ ਵੇਰਵੇ ਅਨੁਸਾਰ ਇਹ ਵਾਰਦਾਤ ਉਸ ਵੇਲੇ ਹੋਈ ਜਦ ਭਾਈ ਭੋਲਾ ਆਪਣੇ ਕਾਰੋਬਾਰ ਤੋਂ ਘਰ ਵਾਪਿਸ ਪਰਤ ਰਹੇ ਸਨ। ਉਨ੍ਹਾਂ ਦਾ ਅਪਾਰਟਮੈਂਟ ਕੰਮ ਵਾਲੇ ਸਥਾਨ ਤੋਂ ਕੇਵਲ 13 ਮਿੰਟ ਦੀ ਦੂਰੀ ’ਤੇ ਹੈ। ਕਤਲ ਪਾਰਕਿੰਗ ਵਾਲੇ ਖੇਤਰ ’ਚ ਕੀਤਾ ਗਿਆ। ਕਾਤਿਲਾਂ ਨੇ ਨਾ ਤਾਂ ਉਨ੍ਹਾਂ ਦਾ ਬਟੂਆ ਫਰੋਲਿਆ ਅਤੇ ਨਾ ਹੀ ਕੋਈ ਸ਼ਨਾਖਤੀ ਕਾਰਡ ਦੇਖਿਆ। ਕਾਤਿਲ ਕੇਵਲ ਕਤਲ ਦੀ ਨੀਅਤ ਨਾਲ ਹੀ ਆਏ ਸਨ ਅਤੇ ਆਪਣਾ ਕਾਰਾ ਕਰਕੇ ਚਲਦੇ ਬਣੇ। ਪ੍ਰਾਪਤ ਰਿਪੋਰਟਾਂ ਅਨੁਸਾਰ ਕਤਲ ਕੇਵਲ 10 ਮਿੰਟ ਦੇ ਅਰਸੇ ਦੌਰਾਨ ਕੀਤਾ ਗਿਆ। ਪੁਲਿਸ ਹਾਲੇ ਕਤਲ ਬਾਰੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ, ਪਰ ਭਾਈ ਭੋਲਾ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਐਫੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਸਾਰੇ ਐਨਆਰਆਈ ਸਿੱਖ ਭਾਈਚਾਰੇ ਅਤੇ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਜਥੇਬੰਦੀਆਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਮਦਦ ਲਈ ਮਜ਼ਬੂਤੀ ਨਾਲ ਪਰਿਵਾਰ ਦੇ ਨਾਲ ਖੜ੍ਹੀਆਂ ਹੋਣ। ਪੁਲਿਸ ਨੇ ਇਸ ਸਬੰਧ ਵਿੱਚ ਜਾਣਕਾਰੀ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ, ਜਿਸ ਉ¤ਪਰ ਅਗਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਇਸ ਨੰਬਰ (309) 494-8387 ’ਤੇ ਜਾਣਕਾਰੀ ਮੁਹੱਈਆ ਕਰ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਭਾਈ ਸਤਵਿੰਦਰ ਸਿੰਘ ਭੋਲਾ ਪੰਜਾਬ ’ਚ ਬਠਿੰਡਾ ਦੇ ਜੰਮਪਲ ਹਨ। ਉਨ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਐਸਸੀ ਖੇਤੀਬਾੜੀ ਵਿੱਚ ਗਰੈਜੂਏਸ਼ਨ ਕੀਤੀ। ਇਸੇ ਦੌਰਾਨ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਾਮਿਲ ਹੋ ਗਏ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸੰਪਰਕ ਵਿੱਚ ਆਏ। ਜਦ ਪੰਜਾਬ ਵਿੱਚ ਸਿੱਖ ਸੰਘਰਸ਼ ਦੀ ਲਹਿਰ ਸਿਖਰਾਂ ’ਤੇ ਸੀ ਉਸ ਵੇਲੇ ਉਹ ਫੈਡਰੇਸ਼ਨ ਦੇ ਬੁਲਾਰਾ ਬਣੇ। 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਰੇਸ਼ਨ ਬਲੂ ਸਟਾਰ ਬਾਅਦ ਉਹ ਫੈਡਰੇਸ਼ਨ ਦੇ ਪ੍ਰਜੀਡੀਅਮ ਮੈਂਬਰ ਬਣੇ ਅਤੇ ਬਹੁਤ ਸਾਰਾ ਕਾਰਜ ਕੀਤਾ। ਇਸ ਸਮੇਂ ਦੌਰਾਨ ਸਰਕਾਰ ਨੇ ਉਨ੍ਹਾਂ ਉ¤ਪਰ ਐਨਐਸਏ ਲਗਾ ਕੇ 2 ਸਾਲ ਲਈ ਨਾਭਾ ਜੇਲ੍ਹ ਵਿੱਚ ਕੈਦ ਰੱਖਿਆ। 1989 ਵਿੱਚ ਸਿੱਖ ਬੰਦੀਆਂ ਦੀ ਰਿਹਾਈ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਣ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦੀ ਧੀ ਬੀਬੀ ਸਰਵਿੰਦਰ ਕੌਰ ਨਾਲ ਉਨ੍ਹਾਂ ਦਾ ਆਨੰਦ ਕਾਰਜ ਹੋਇਆ। ਪੰਜਾਬ ਵਿੱਚ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਆਪਣੀ ਜਾਨ ’ਤੇ ਖਤਰੇ ਨੂੰ ਦੇਖਦੇ ਹੋਏ ਉਹ ਦੇਸ਼ ਛੱਡ ਕੇ ਅਮਰੀਕਾ ’ਚ ਕੈਲੀਫੋਰਨੀਆ ਵਿਖੇ ਜਾ ਵਸੇ। 2004 ਵਿੱਚ ਉਹ ਉਥੋਂ ਸ਼ਿਕਾਗੋ ਵਿਖੇ ਸੈਟਲ ਹੋ ਗਏ ਜਿੱਥੇ ਉਹ ਕਾਰੋਬਾਰ ਵਜੋਂ ਬੈਸਟ ਵੈਸਟਰਨ ਨਾਂਅ ਦਾ ਹੋਟਲ ਚਲਾ ਰਹੇ ਸਨ। ਪਰਿਵਾਰ ਵਿੱਚ ਉਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਭਾਈ ਭੋਲਾ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਹੈ। ਉਨ੍ਹਾਂ ਦੇ ਵੱਡੇ ਜੀਜਾ ਜੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੋਂ ਵਾਈਸ ਚਾਂਸਲਰ ਵਜੋਂ ਸੇਵਾਮੁਕਤ ਹੋਏ ਹਨ। ਅਮਰੀਕਾ ਵਿਖੇ ਆ ਕੇ ਭਾਈ ਭੋਲਾ ਨੇ ਆਪਣੀਆਂ ਸਾਰੀਆਂ ਸਿਆਸੀ ਸਰਗਰਮੀਆਂ ਅਤੇ ਫੈਡਰੇਸ਼ਨ ਦੀਆਂ ਕਾਰਵਾਈਆਂ ਤੋਂ ਕਿਨਾਰਾ ਕਰ ਲਿਆ ਸੀ ਅਤੇ ਹੁਣ ਉਹ ਆਪਣਾ ਸਾਰਾ ਧਿਆਨ ਆਪਣੇ ਪਰਿਵਾਰ ਵੱਲ ਹੀ ਦੇ ਰਹੇ ਸਨ।



