ਹੁਸ਼ਿਆਰਪੁਰ, 13 ਅਗਸਤ (ਸਤਵਿੰਦਰ ਸਿੰਘ, ਰਾਜ ਸਹੋਤਾ)- ਹੁਸ਼ਿਆਰਪੁਰ ਨਗਰ ਨਿਗਮ ਵੱਲੋਂ ਸਾਫ ਸਫਾਈ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਾਵੇਂ ਹਰ ਸੰਭਵ ਉਪਰਾਲੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।ਪਰ ਇਸ ਦੌਰਾਨ ਨਗਰ ਨਿਗਮ ਵੱਲੋਂ ਕੂੜਾ ਕਰਕਟ ਉਠਾਉਣ ਲਈ ਰੱਖੇ ਗਏ ਕੰਟੇਨਰਾਂ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਕੂੜਾ ਕਰਕਟਾਂ ਵਾਲੇ ਇਨ੍ਹਾਂ ਕੰਟੇਨਰਾਂ ਨੂੰ ਰੱਖਣ ਦੀ ਜਗ੍ਹਾ ਦੀ ਚੋਣ ਠੀਕ ਢੰਗ ਨਾਲ ਨਾ ਕੀਤੇ ਜਾਣ ਕਾਰਣ ਖੁਦ ਨਗਰ ਨਿਗਮ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਫਤਿਹਗੜ੍ਹ ਰੋਡ ਨੂੰ ਡੀ.ਸੀ.ਰੋਡ ਨੂੰ ਮਿਲਾਉਣ ਵਾਲੀ ਲਿੰਕ ਰੋਡ ’ਤੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ
ਦੇ ਨਾਮ ‘ਤੇ ਵਸੇ ਹੋਏ ਮੁੱਹਲਾ ਗੁਰੂ ਨਾਨਕ ਐਵਿਨਿਊ, ਜੋ ਵਾਰਡ ਨੰਬਰ 14 ਅਧੀਨ ਆਉਂਦਾ ਹੈ, ਦੀਆਂ ਗਲੀਆਂ ਨੰਬਰ 5 ਅਤੇ 6 ਦੀ ਨੁੱਕਰ ’ਤੇ ਲੱਗੇ ਹੋਏ ਬੋਰਡ ਦੇ ਬਿਲਕੁਲ ਨਾਲ ਨਗਰ ਨਿਗਮ ਵਲੋਂ ਕੂੜਾ ਕਰਕਟ ਇੱਕਠਾ ਕਰਨ ਵਾਲਾ ਡੰਪਰ ਰੱਖ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਹੈ।ਇਸ ਸੰਬੰਧੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਵਾਲੇ ਬੋਰਡ ਦੇ ਐਨ ਨਜ਼ਦੀਕ ਇਹ ਡੰਪਰ ਰੱਖਣ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ। ਜਿਸ ਨੂੰ ਤੁਰੰਤ ਹਟਾ ਕੇ ਕਿਸੇ ਹੋਰ ਢੁੱਕਵੀਂ ਜਗ੍ਹਾ ‘ਤੇ ਰਖਾਇਆ ਜਾਣਾ ਚਾਹੀਦਾ ਹੈ।ਹਾਲਾਂਕਿ ਨਗਰ ਨਿਗਮ ਨੇ ਕੂੜਾ ਕਰਕਟ ਇੱਕਠਾ ਕਰਨ ਦਾ ਕੰਮ ਕਿਸੇ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਹੋਇਆ ਹੈ ਪਰੰਤੂ ਫਿਰ ਵੀ ਨਗਰ ਨਿਗਮ ਇਸ ਸੰਬੰਧੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦੀ ਇਸ ਸੰਬੰਧੀ ਜਦੋਂ ਸੰਬੰਧਿਤ ਵਾਰਡ ਦੇ ਕੌਂਸਲਰ ਰਣਜੀਤ ਚੌਧਰੀ ਨਾਲ ਫੋਨ ਰਾਹੀਂ ਸੰਪਰਕ ਕਰਕੇ ਪੱਖ ਜਾਨਣ ਦਾ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਨੇ ਵਾਰ-ਵਾਰ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ।



