Skip to content
Independent perspectives. Global stories.
BREAKING

ਸਿਆਸਤ ਦੀ ਮੌਕਾਪ੍ਰਸਤੀ

Share this story

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਫ਼ਿਰੋਜ਼ਪੁਰ ਦੇ ਕੁਝ ਵੱਡੇ ਭਾਜਪਾ ਆਗੂਆਂ ਦੇ ਰਿਸ਼ਵਤਖੋਰੀ ਅਤੇ ਨਸ਼ਿਆਂ ਨਾਲ ਸਬੰਧਤ ਕੇਸਾਂ ‘ਚ ਨਾਂਅ ਆਉਣ ਨਾਲ ਭਾਜਪਾ ਦੀ ਹਾਲਤ ਜ਼ਰੂਰ ਪਤਲੀ ਹੋਈ ਹੈ। ਇਹ ਆਗੂ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਨੇੜੇ ਦੱਸੇ ਜਾਂਦੇ ਹਨ ਪਰ ਅਜਿਹੀ ਚਰਚਾ ਸ਼ੁਰੂ ਹੋਣ ‘ਤੇ ਕਮਲ ਸ਼ਰਮਾ ਨੇ ਉਨ੍ਹਾਂ ਤੋਂ ਅਸਤੀਫ਼ੇ ਲੈ ਲਏ ਹਨ ਅਤੇ ਇਸ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਇਸ ਤੋਂ ਇਹ ਨਤੀਜਾ ਜ਼ਰੂਰ ਕੱਢਿਆ ਜਾ ਸਕਦਾ ਹੈ ਕਿ ਅੱਜ ਜਦੋਂ ਕਿ ਸਿਆਸਤ ਵੱਡੇ ਰੂਪ ‘ਚ ਮੌਕਾਪ੍ਰਸਤੀ ਦੀ ਖੇਡ ਬਣੀ ਨਜ਼ਰ ਆਉਂਦੀ ਹੈ ਤਾਂ ਇਸ ‘ਚ ਸ਼ਾਮਿਲ ਹੋ ਰਹੇ ਬਹੁਤੇ ਲੋਕਾਂ ਦਾ ਅਜਿਹੀਆਂ ਬਿਰਤੀਆਂ ਦੇ ਧਾਰਨੀ ਹੋਣਾ ਅਨੋਖੀ ਗੱਲ ਨਹੀਂ ਹੈ ਪਰ ਇਸ ਦੇ ਨਾਲ-ਨਾਲ ਅੱਜ ਦੀ ਸਿਆਸਤ ਸਿਆਸਤਦਾਨਾਂ ਵੱਲੋਂ ਇਕ-ਦੂਜੇ ‘ਤੇ ਦੋਸ਼ ਲਗਾਉਣ ‘ਚ ਵੀ ਕਾਫੀ ਅੱਗੇ ਵਧੀ ਨਜ਼ਰ ਆਉਂਦੀ ਹੈ। ਇਸ ਲਈ ਵਿਰੋਧੀਆਂ ਵੱਲੋਂ ਕੋਈ ਵੀ ਮੌਕਾ ਨਹੀਂ ਖੁੰਝਾਇਆ ਜਾਂਦਾ।ਕਮਲ ਸ਼ਰਮਾ ਨੇ ਅਕਸਰ ਨਸ਼ਿਆਂ ਦੇ ਫੈਲਦੇ ਪਸਾਰੇ ਦੇ ਵਿ

ਰੋਧ ‘ਚ ਆਵਾਜ਼ ਉਠਾਈ ਹੈ। ਇਸ ਲਈ ਜਦੋਂ ਅਜਿਹੇ ਦੋਸ਼ਾਂ ‘ਚ ਅਕਾਲੀ ਆਗੂਆਂ ਦੇ ਨਾਂਅ ਜ਼ਾਹਰ ਹੁੰਦੇ ਰਹੇ ਸਨ ਤਾਂ ਕਮਲ ਸ਼ਰਮਾ ਨੇ ਉਨ੍ਹਾਂ ਦੇ ਖਿਲਾਫ਼ ਬਿਆਨ ਵੀ ਦਿੱਤੇ ਤੇ ਉਨ੍ਹਾਂ ਨਾਲ ਸਬੰਧਤ ਵੱਡੇ ਅਕਾਲੀ ਆਗੂਆਂ ਤੋਂ ਅਸਤੀਫ਼ਿਆਂ ਦੀ ਮੰਗ ਵੀ ਕੀਤੀ। ਇਹ ਵੀ ਕਾਰਨ ਸੀ ਕਿ ਪੰਜਾਬ ਦੀਆਂ ਦੋਵਾਂ ਭਾਈਵਾਲ ਪਾਰਟੀਆਂ ‘ਚ ਦੂਰੀਆਂ ਵਧਣੀਆਂ ਸ਼ੁਰੂ ਹੋ ਗਈਆਂ ਸਨ। ਹੁਣ ਕਮਲ ਸ਼ਰਮਾ ਦੇ ਨਜ਼ਦੀਕੀ ਸਾਥੀਆਂ ਦੇ ਅਜਿਹੇ ਦੋਸ਼ਾਂ ‘ਚ ਘਿਰਨ ਕਾਰਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੱਕ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਦਿੱਤੀ ਹੈ। ਹਰਸਿਮਰਤ ਦੇ ਬਿਆਨ ਨੂੰ ਸਪੱਸ਼ਟ ਰੂਪ ‘ਚ ਕਮਲ ਸ਼ਰਮਾ ਵੱਲੋਂ ਹਰਸਿਮਰਤ ਦੇ ਨਜ਼ਦੀਕੀ ਅਕਾਲੀ ਆਗੂਆਂ ਦੇ ਮੰਗੇ ਗਏ ਅਸਤੀਫ਼ੇ ਦੇ ਨਤੀਜੇ ਵਜੋਂ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਕਾਂਗਰਸੀ ਆਗੂਆਂ ਵੱਲੋਂ ਵੀ ਇਸ ਮਾਮਲੇ ‘ਚ ਭਾਜਪਾ ਆਗੂ ਕਮਲ ਸ਼ਰਮਾ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਭਾਜਪਾ ਦੇ ਸੁਖਪਾਲ ਸਿੰਘ ਨੰਨੂ ਨੇ ਵੀ ਕਮਲ ਸ਼ਰਮਾ ਦੇ ਖਿਲਾਫ਼ ਇਸ ਲਈ ਝੰਡਾ ਚੁੱਕ ਲਿਆ ਜਾਪਦਾ ਹੈ ਕਿ ਉਹ ਕਮਲ ਸ਼ਰਮਾ ਤੋਂ ਬਾਅਦ ਫ਼ਿਰੋਜ਼ਪੁਰ ਤੋਂ ਵਿਧਾਨ ਸਭਾ ਚੋਣਾਂ ਲਈ ਸੰਭਾਵਿਤ ਉਮੀਦਵਾਰ ਹੋ ਸਕਦੇ ਹਨ। ਸਿਆਸਤਦਾਨਾਂ ਦੇ ਧਾਰੇ ਅਜਿਹੇ ਵਤੀਰੇ ਕਾਰਨ ਪਹਿਲਾਂ ਹੀ ਪੰਜਾਬ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ। ਇਥੇ ਨਸ਼ਿਆਂ ਨੇ ਵੱਡੀ ਗਿਣਤੀ ‘ਚ ਨੌਜਵਾਨਾਂ ਦੇ ਸਰੀਰਾਂ ਨੂੰ ਘੁਣ ਲਗਾ ਦਿੱਤਾ ਹੈ। ਕਦੀ ਪੰਜਾਬ ਦੇ ਸ਼ੇਰ ਬਾਂਕੇ ਅੱਜ ਪੀਲੇ ਮੂੰਹ ਲਈ ਤੇ ਮਰੀਅਲ ਲੱਤਾਂ ਨਾਲ ਲੜਖੜਾਉਂਦੇ ਤੁਰੇ ਫਿਰਦੇ ਹਨ। ਚਾਹੇ ਪੰਜਾਬ ਸਰਕਾਰ ਅਜਿਹੇ ਕੰਮਾਂ ‘ਚ ਆਪਣੀ ਸ਼ਮੂਲੀਅਤ ਹੋਣ ਤੋਂ ਇਨਕਾਰ ਕਰਦੀ ਰਹੀ ਹੈ ਪਰ ਜਿੰਨੀ ਸਖ਼ਤੀ ਇਸ ਪੱਖ ਤੋਂ ਉਸ ਨੂੰ ਵਰਤਣੀ ਚਾਹੀਦੀ ਸੀ, ਉਸ ‘ਚ ਉਹ ਨਾਕਾਮ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ਿਆਂ ਦੇ ਵਰਤਾਰੇ ਦੀ ਗੱਲ ਅਕਸਰ ਚਲਦੀ ਰਹਿੰਦੀ ਹੈ। ਉਸ ਨੂੰ ਸਖ਼ਤੀ ਨਾਲ ਕਿਉਂ ਨਹੀਂ ਰੋਕਿਆ ਗਿਆ? ਜਿਨ੍ਹਾਂ ਸਿਆਸਤਦਾਨਾਂ ਦੇ ਨਾਂਅ ਨਸ਼ਿਆਂ ਦੇ ਵਪਾਰੀਆਂ ਨਾਲ ਜੁੜਦੇ ਰਹੇ ਹਨ, ਅੱਜ ਵੀ ਉਹ ਵੱਡੀਆਂ ਕੁਰਸੀਆਂ ‘ਤੇ ਬਿਰਾਜਮਾਨ ਕਿਉਂ ਹਨ? ਅਸੀਂ ਨਸ਼ਿਆਂ ਦੇ ਵਰਤਾਰੇ ਬਾਰੇ ਇਨ੍ਹਾਂ ਬਿਆਨਾਂ ਕਿ ਨਸ਼ੇ ਸਰਹੱਦ ਪਾਰੋਂ ਆਉਂਦੇ ਹਨ ਜਾਂ ਦੂਜੇ ਸੂਬਿਆਂ ‘ਚੋਂ ਆਉਂਦੇ ਹਨ, ਨਾਲ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਅਜਿਹਾ ਇਸ ਲਈ ਹੈ ਕਿ ਅੱਜ ਦੀ ਸਿਆਸਤ ਬੇਹੱਦ ਗੰਧਲੀ ਹੋ ਚੁੱਕੀ ਹੈ। ਬਹੁਤੇ ਸਿਆਸਤਦਾਨ ਅੱਜ ਇਸ ਹਮਾਮ ‘ਚ ਨੰਗੇ ਨਜ਼ਰ ਆਉਂਦੇ ਹਨ। ਸਿਆਸਤਦਾਨਾਂ ਨੂੰ ਜੇਕਰ ਚਿਰਾਂ ਤੋਂ ਆਪਣੇ ਨਾਲ ਕੰਮ ਕਰ ਰਹੇ ਸਾਥੀਆਂ ਦੀ ਪਛਾਣ ਨਹੀਂ ਹੈ ਕਿ ਉਨ੍ਹਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ ਤੇ ਉਹ ਪਰਦੇ ਪਿੱਛੇ ਕਿਨ੍ਹਾਂ ਕੰਮਾਂ ‘ਚ ਸ਼ਾਮਿਲ ਹਨ ਤਾਂ ਇਸ ਲਈ ਸਿਆਸਤਦਾਨਾਂ ਨੂੰ ਮਾਸੂਮ ਜਾਂ ਨਿਰਦੋਸ਼ ਨਹੀਂ ਕਿਹਾ ਜਾ ਸਕਦਾ। ਜੇਕਰ ਕਿਸੇ ਸਿਆਸੀ ਆਗੂ ਦਾ ਨਿੱਜੀ ਸਕੱਤਰ ਲੱਖਾਂ-ਕਰੋੜਾਂ ਦੀ ਠੱਗੀ ਕਰ ਰਿਹਾ ਹੋਵੇ ਤਾਂ ਸਬੰਧਤ ਸਿਆਸਤਦਾਨ ਵੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ। ਜੇਕਰ ਅਕਾਲੀ ਆਗੂਆਂ ਤੇ ਵਜ਼ੀਰਾਂ ਦੇ ਨੇੜੇ ਦੇ ਸਾਥੀ, ਰਿਸ਼ਤੇਦਾਰ ਜਾਂ ਪੁੱਤਰ ਭਤੀਜੇ ਅਜਿਹਾ ਕਰਦੇ ਰਹੇ ਹਨ ਤਾਂ ਇਸ ਲਈ ਸਬੰਧਤ ਸਿਆਸਤਦਾਨ ਵੀ ਓਨੇ ਹੀ ਜ਼ਿੰਮੇਵਾਰ ਠਹਿਰਾਏ ਜਾਣਗੇ। ਕਿਉਂਕਿ ਕਿਸੇ ਨਾ ਕਿਸੇ ਰੂਪ ‘ਚ ਉਨ੍ਹਾਂ ਨੂੰ ਇਨ੍ਹਾਂ ਸਿਆਸਤਦਾਨਾਂ ਦਾ ਸਹਾਰਾ ਜ਼ਰੂਰ ਮਿਲਦਾ ਹੈ ਜਾਂ ਉਨ੍ਹਾਂ ਦੇ ਨਾਂਅ ਦੀ ਦੁਰਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਕੀ ਅਸੀਂ ਸਮਝੀਏ ਕਿ ਸਾਡੇ ਅੱਜ ਦੇ ਸਿਆਸਤਦਾਨ ਏਨੇ ਆਲੇ-ਭੋਲੇ ਹਨ ਕਿ ਉਨ੍ਹਾਂ ਨੂੰ ਆਪਣੇ ਸਾਥੀਆਂ ਦੇ ਕਿਰਦਾਰਾਂ ਦੀ ਪਛਾਣ ਨਹੀਂ ਹੈ? ਜੇ ਅਜਿਹਾ ਹੈ ਤਾਂ ਅਜਿਹੇ ਸਿਆਸਤਦਾਨਾਂ ਦੀ ਆਲੋਚਨਾ ਹੋਣੀ ਕੁਦਰਤੀ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਬਣੇ ਅਜਿਹੇ ਗੰਧਲੇ ਹਾਲਾਤ ਲਈ ਪੰਜਾਬ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਦੇ ਅਨੇਕਾਂ ਅਹੁਦੇਦਾਰ ਜਾਂ ਕਾਰਕੁੰਨ ਕਿਸੇ ਨਾ ਕਿਸੇ ਰੂਪ ਵਿਚ ਜ਼ਿੰਮੇਵਾਰ ਹਨ, ਜਿਨ੍ਹਾਂ ਕਰਕੇ ਅੱਜ ਦੀ ਸਿਆਸਤ ‘ਚ ਵਿਸ਼ਵਾਸ ਯੋਗਤਾ ਦੀ ਘਾਟ ਬੁਰੀ ਤਰ੍ਹਾਂ ਰੜਕਣ ਲੱਗੀ ਹੈ। ਅਜਿਹੀ ਵਿਵਸਥਾ ‘ਚ ਪੰਜਾਬ ਦਾ ਭਵਿੱਖ ਹੋਰ ਵੀ ਧੁੰਦਲਾ ਦਿਖਾਈ ਦੇਣ ਲੱਗਾ ਹੈ। ਇਸੇ ਲਈ ਸੂਬੇ ਨੂੰ ਅੱਜ ਅਜਿਹੇ ਡਾਕਟਰਾਂ ਦੀ ਜ਼ਰੂਰਤ ਹੈ, ਜੋ ਇਸ ਦੀ ਦੁਖਦੀ ਰਗ ਨੂੰ ਪਛਾਣ ਕੇ ਉਸ ਦੀ ਦਵਾ ਦੇ ਸਕਣ ਦੇ ਯੋਗ ਹੋਣ। (ਸੰਪਾਦਕੀ ਅਜੀਤ : 9 ਅਗਸਤ 2015)

WRITTEN BY