ਜਲੰਧਰ/ਤਿਰੂਵਨੰਤਾਪੁਰਮ/ ਚੰਡੀਗੜ੍ਹ, 8 ਅਗਸਤ- ਕੇਰਲਾ ਅਤੇ ਤਾਮਿਲਨਾਡੂ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਮਾਲਕਾ ਅਤੇ ਸੀ.ਈ.ਓਜ ਵੱਲੋਂ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਐਗਰੋ ਪ੍ਰੋਸੈਸਿੰਗ, ਆਈ.ਟੀ ਅਤੇ ਆਯੂਰਵੇਦਾ ਦੇ ਖੇਤਰ ’ਚ ਸੂਬੇ ਅੰਦਰ ਨਿਵੇਸ਼ ਕਰਨ ਦੀ ਦਿਲਚਸਪੀ ਦਿਖਾਈ ਗਈ। ਸੂਬੇ ਅੰਦਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਫਦ ਨਾਲ ਇੱਥੇ ਪੁੱਜੇ ਸ. ਬਾਦਲ ਵੱਲੋਂ ਅੱਜ ਪ੍ਰਮੁੱਖ ਸਨਅਤਕਾਰਾਂ ਨਾਲ ਮੀਟਿੰਗ ਕਰਨ ਤੋਂ ਇਲਾਵਾ ਸੀ.ਆਈ.ਆਈ. ਸਾਊਦਰਨ ਰੀਜਨਲ ਕੌਂਸਲ ਦੀ ਇੱਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ ਗਿਆ। ਉਪ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਬਿਲਿਊ ਸਟਾਰ ਦੇ
ਐਗਜੀਕਿਊਟਿਵ ਡਾਇਰੈਕਟਰ ਬੀ. ਥਾਏਗਾਰਾਜਨ ਨੇ ਸੁਝਾਅ ਦਿੱਤਾ ਕਿ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਲਈ ਸੀ.ਆਈ.ਆਈ. ਕੇਂਦਰ ਰਾਹੀਂ ਪੰਜਾਬ ਨਾਲ ਹਿੱਸੇਦਾਰੀ ਕਰਕੇ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਾਂ ਦੇ ਮੰਡੀਕਰਨ ਬਾਰੇ ਜਾਣਕਾਰੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਕੜੀ ਬਨਣ ’ਚ ਦਿਲਚਸਪੀ ਰੱਖਦੇ ਹਨ ਜਿਸ ਸਦਕਾ ਕਿਸਾਨ ਲਾਹੇਵੰਦ ਢੰਗ ਨਾਲ ਆਪਣੀ ਉਪਜ ਦਾ ਮੰਡੀਕਰਨ ਕਰ ਸਕੇ। ਸ੍ਰੀ ਥਾਏਗਾਰਾਜਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਲੁਧਿਆਣਾ ਵਿਖੇ ਬਣ ਰਹੇ ਗਰੀਨ ਪਾਰਕ ’ਚ ਨਿਵੇਸ਼ ਕਰਨ ਦੀ ਵੀ ਰੁਚੀ ਰੱਖਦੀ ਹੈ। ਆਈ.ਬੀ.ਐਸ. ਸਾਫਟਵੇਅਰ ਦੇ ਐਗਜੀਕਿਊਟਿਵ ਚੇਅਰਮੈਨ ਵੀ. ਕੇ . ਮਾਰਹੀਊਜ ਨੇ ਕਿਹਾ ਕਿ ਮਿਆਰੀ ਸਰੋਤਾਂ ਅਤੇ ਸ਼ਾਨਦਾਰ ਸਮਾਜਕ ਢਾਂਚੇ ਦੇ ਭਰੋਸੇ ਨੂੰ ਮੱਧੇਨਜ਼ਰ ਰੱਖਦਿਆਂ ਉਨ੍ਹਾਂ ਦੀ ਕੰਪਨੀ ਵੀ ਮੁਹਾਲੀ ਅਤੇ ਹੋਰ ਉੱਤਰੀ ਖੇਤਰਾਂ ’ਚ ਆਪਣਾ ਕਾਰੋਬਾਰ ਫੈਲਾਉਣਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਇਸ ਪੇਸ਼ਕਸ਼ ਨੂੰ ਸਿਰੇ ਚੜਾਉਣ ਲਈ ਉਹ ਖੁਦ ਕੰਪਨੀ ਦੀ ਇੱਕ ਟੀਮ ਨਾਲ ਚੰਡੀਗੜ੍ਹ ਜਾਣਗੇ। ਉਨ੍ਹਾਂ ਆਈ.ਟੀ ਪਾਰਕ ਮੁਹਾਲੀ ਦਾ ਦੌਰਾ ਕਰਨ ਦੀ ਵੀ ਇੱਛਾ ਜਿਤਾਈ ਜਿੱਥੇ ਕਿ ਇਨਫੋਸਿਸ ਸ਼ਾਨਦਾਰ ਨਿਵੇਸ਼ ਕਰਨ ਜਾ ਰਹੀ ਹੈ। ਇਸ ਉਪਰੰਤ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੀ.ਆਈ.ਆਈ. ਦੀ ਮੀਟਿੰਗ ਦੌਰਾਨ ਪੰਜਾਬ ’ਚ ਨਿਵੇਸ਼ ਦੀ ਸੰਭਾਵਨਾਵਾਂ ਬਾਰੇ ਵਿਸਥਾਰ ’ਚ ਪੇਸ਼ਕਾਰੀ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਨੇ ਇੱਕ ਮਿਸ਼ਨ ਤਹਿਤ ਕੰਮ ਕਰਦਿਆਂ ਪੰਜਾਬ ਨੂੰ ਬਿਜਲੀ ਉਤਪਾਦਨ ’ਚ ਸਰਪਲੱਸ ਸੂਬਾ ਬਨਾਉਣ ਦੇ ਨਾਲ-ਨਾਲ ਇਸ ਨੂੰ ਦੂਰ-ਦਰਾਡੇ ਦੇ ਖੇਤਰਾਂ ਨਾਲ ਜੋੜਨ ਲਈ 2 ਅੰਤਰਰਾਸ਼ਟਰੀ ਅਤੇ ਚਾਰ ਘਰੇਲੂ ਹਵਾਈ ਅੱਡੇ ਸਥਾਪਤ ਕੀਤੇ। ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ-ਅੰਦਰ ਸੂਬੇ ਦਾ ਹਰ ਇੱਕ ਪਿੰਡ 4ਜੀ ਨੈੱਟਵਰਕ ਨਾਲ ਜੁੜ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਇੰਨ੍ਹਾਂ ਕੋਸ਼ਿਸ਼ਾਂ ਸਦਕਾ ਅਤੇ ਹਰੇਕ ਨਿਵੇਸ਼ ਨੂੰ ਇੱਕੋ ਥਾਂ ਤੋਂ ਪ੍ਰਵਾਨਗੀ ਦੇਣ ਲਈ ਸਥਾਪਤ ਕੀਤੇ ਗਏ ਇਨਵੈਸਟ ਪੰਜਾਬ ਦਫਤਰ ਕਾਰਨ ਪੰਜਾਬ ਬੀਤੇ ਡੇਢ ਸਾਲ ਦੌਰਾਨ 1500 ਕਰੋੜ ਰੁਪਏ ਦੇ ਨਿਵੇਸ਼ ਵਾਲੇ 210 ਪ੍ਰੋਜੈਕਟਾਂ ਨੂੰ ਹਰੀ ਝੰਡੀ ਦੇਣ ’ਚ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਿਵੇਸ਼ ਸਬੰਧੀ ਸਾਰੀਆਂ ਪ੍ਰਵਾਨਗੀਆਂ 30 ਦਿਨਾਂ ’ਚ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਸ. ਬਾਦਲ ਨੇ ਕਿਹਾ ਕਿ ਇਹ ਇਸ ਪ੍ਰਣਾਲੀ ਦੀ ਕਾਮਯਾਬੀ ਹੀ ਹੈ ਕਿ ਹੁਣ ਕਿਸੇ ਵੀ ਨਿਵੇਸ਼ਕ ਨੂੰ ਮੁੱਖ ਮੰਤਰੀ ਜਾਂ ਉਨ੍ਹਾਂ ਸਮੇਤ ਕਿਸੇ ਵੀ ਮੰਤਰੀ ਨੂੰ ਮਿਲਣ ਦੀ ਲੋੜ ਤੱਕ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਨਿਵੇਸ਼ਕ ਨੂੰ ਸਿਰਫ ਇਨਵੈਸਟ ਪੰਜਾਬ ਦੇ ਦਫਤਰ ਜਾਣਾ ਹੁੰਦਾ ਹੈ ਜਿੱਥੇ ਸਿਰਫ ਇੱਕ ਵਿਅਕਤੀ ਨਾਲ ਮੁਲਾਕਾਤ ਹੀ ਉਨ੍ਹਾਂ ਦੇ ਹਰ ਮਸਲੇ ਦਾ ਹੱਲ ਕੱਢ ਦਿੰਦੀ ਹੈ।



