ਵਰਜੀਨੀਆ, 8 ਅਗਸਤ (ਡਾ. ਗਿੱਲ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਬ੍ਰਿਜ ਮੋਹਨ ਅੱਗਰਵਾਲ ਜੋ ਰਾਏਪੁਰ ਛੱਤੀਸਗੜ੍ਹ ਤੋਂ ਲਗਾਤਾਰ 6 ਵਾਰ ਐਮਐਲਏ ਚੁਣੇ ਗਏ ਹਨ ਅਤੇ ਅੱਜ ਕੱਲ੍ਹ ਕੈਬਨਿਟ ਮੰਤਰੀ ਦੇ ਅਹੁਦੇ ’ਤੇ 6 ਹੀ ਮਹਿਕਮਿਆਂ ਦੀ ਦੇਖ-ਰੇਖ ਕਰ ਰਹੇ ਹਨ ਜਿਨ੍ਹਾਂ ਵਿੱਚ ਖੇਤੀਬਾੜੀ, ਵੈਟਨਰੀ, ਫਿਸ਼ਰੀ, ਪਾਣੀ ਸਰੋਤ, ਧਾਰਮਿਕ ਅਫੇਅਰ ਅਤੇ ਇੰਡੋਮੈਂਟ ਨੂੰ ਬਹੁਤ ਸੁਲਝੇ ਢੰਗ ਨਾਲ ਚਲਾ ਰਹੇ ਹਨ। ਅੱਜ ਕੱਲ੍ਹ ਉਹ ਅਮਰੀਕਾ ਅਤੇ ਕੈਨੇਡਾ ਦੇ ਦੌਰੇ ’ਤੇ ਹਨ। ਆਖਰੀ ਪੜਾਅ ਵਿੱਚ ਉਨ੍ਹਾਂ ਆਪਣੇ ਕਾਲਜ ਸਮੇਂ ਦੇ ਪੜ੍ਹਦੇ ਦੋਸਤਾਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਇੱਕ ਮੀਟਿੰਗ ਜੀਊਲ ਆਫ ਇੰਡੀਆ ਰੈਸਟਰੋਰੈਂਟ ਵਿੱਚ ਕੀਤੀ, ਜਿੱਥੇ ਉਨ੍ਹਾਂ ਛੱਤੀਸਗੜ੍ਹ ਦੀ ਅਹਿਮੀਅਤ ਅਤੇ ਸਰੋਤਾਂ ਦਾ ਜ਼ਿਕਰ ਕਰਦੇ ਦੱਸਿਆ ਕਿ ਸਟੀਲ, ਚਾਵਲ ਅਤੇ ਮਾਈਨ ਦਾ ਪਿਤਾਮਾ ਛੱਤੀਸਗੜ੍ਹ ਪੂਰੇ ਹਿੰਦੋਸਤਾਨ ਦਾ ਆਤਮਨਿਰਭਰ ਸੂਬਾ ਹੈ ਜਿੱਥੇ ਪ੍ਰਵਾਸੀ ਸਹਿਜੇ ਹੀ ਆਪਣਾ ਪਸਾਰਾ ਕਰ ਸਕਦੇ ਹਨ,
ਜਿਸ ਲਈ ਸਰਕਾਰ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਏਗੀ। ਡਾ. ਸੁਰਿੰਦਰ ਸਿੰਘ ਗਿੱਲ ਸੀਨੀਅਰ ਪ੍ਰੈੱਸ ਰਿਪੋਰਟਰ ਨੇ ਅਹਿਮ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਵਾਸੀਆਂ ਦੀ ਆਮਦ ਵਧਾਉਣ ਲਈ ਛੱਤੀਸਗੜ੍ਹ ਵਿੱਚ ਐਨਆਰਆਈ ਹੋਮ ਹੋਣਾ ਜ਼ਰੂਰੀ ਹੈ ਜਿੱਥੋਂ ਸਾਰੀ ਜਾਣਕਾਰੀ ਲਈ ਜਾ ਸਕੇ ਅਤੇ ਛੱਤੀਸਗੜ੍ਹ ਨੂੰ ਆਧੁਨਿਕ ਬਣਾਉਣ ਲਈ ਸਿਸਟਰ ਸਟੇਟ ਦੇ ਦਰਜੇ ਲਈ ਉਪਰਾਲੇ ਕਰਨੇ ਸਮੇਂ ਦੀ ਲੋੜ ਹੈ। ਮੰਤਰੀ ਨੇ ਕਿਹਾ ਕਿ ਟੈਕਨੋਕ੍ਰੈਟ ਵਿੱਚ ਛੱਤੀਸਗੜ੍ਹ ਥੋੜਾ ਪੱਛੜਿਆ ਹੈ ਜਿਸ ਲਈ ਵਿਦੇਸ਼ੀ ਪੜ੍ਹਾਈ ਸਰੋਤ ਅਤੇ ਟੈਕਨਾਲੌਜੀ ਨਾਲ ਜੋੜਨ ਲਈ ਸਾਨੂੰ ਪ੍ਰਵਾਸੀ ਨਿਵੇਸ਼ ਦੀ ਲੋੜ ਹੈ, ਜਿਸ ਲਈ ਉਹ ਅਗਲੇ ਕੁਝ ਦਿਨਾਂ ਵਿੱਚ ਅਮਰੀਕਾ ਦੀ ਮੈਰੀਲੈਂਡ ਸਟੇਟ ਦੇ ਸਾਊਥ ਏਸ਼ੀਅਨ ਕਮਿਸ਼ਨਰ ਨਾਲ ਬੈਠਕ ਕਰ ਰਹੇ ਹਨ।
ਹਾਲ ਦੀ ਘੜੀ ਇਸ ਮੀਟਿੰਗ ਵਿੱਚ ਆਤਮਾ ਸਿੰਘ ਕੁਆਰਡੀਨੇਟਰ ਬੀਜੇਪੀ ਅਮਰੀਕਾ, ਅਡਿਪਾ ਪ੍ਰਸਾਦ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੈਰੀਲੈਂਡ, ਭੁਪਿੰਦਰ ਸਿੰਘ ਖੇਡ ਨਿਰਦੇਸ਼ਕ, ਕਮਲਜੀਤ ਸਿੰਘ ਸੋਢੀ ਬੀਜੇਪੀ ਕਨਵੀਨਰ, ਸਾਊ ਸਾਹਿਬ ਅਤੇ ਹੋਰ ਉਘੀਆਂ ਸ਼ਖਸੀਅਤਾਂ ਵੱਲੋਂ ਬ੍ਰਿਜਮੋਹਨ ਅਗਰਵਾਲ ਮੰਤਰੀ ਨਾਲ ਭੇਟ ਕਰਕੇ ਕਈ ਸੁਝਾਵਾਂ ਅਤੇ ਪ੍ਰੋਜੈਕਟਾਂ ’ਤੇ ਵਿਚਾਰਾਂ ਕੀਤੀਆਂ ਜੋ ਛੱਤੀਸਗੜ੍ਹ ਭਾਰਤ ਦਾ ਸਰਵਉੱਤਮ ਸੂਬਾ ਬਣ ਸਕੇ। ਉਨ੍ਹਾਂ ਡਾ. ਗਿੱਲ ਨੂੰ ਸਟੇਟ ਗੈਸਟ ਵਜੋਂ ਨਿਮੰਤਰਿਤ ਕੀਤਾ ਅਤੇ ਸਰਵੇ ਰਾਹੀਂ ਸਰਕਾਰ ਨੂੰ ਹੋਰ ਜਾਣਕਾਰੀ ਦੇ ਸਕੇ।



