ਬਿਆਸ, 8 ਅਗਸਤ (ਅਰੁਣ ਕੁਮਾਰ, ਸੁਨੀਲ ਕੁਮਾਰ ਬਿੱਟੂ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੀ ਸ਼ੋਹਰਤ ਲਈ ਸਸਤੇ ਹੱਥ ਕੰਡੇ ਵਰਤਣ ਤੋਂ ਗੁਰੇਜ਼ ਕਰਨ ਤੇ ਝੂਠੀਆਂ ਤੋਹਮਤਾਂ ਲਗਾਉਣ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ ਹੈ। ਅੱਜ ਬਾਬਾ ਬਕਾਲਾ ਹਲਕੇ ਦੇ ਤਿੰਨ ਰੋਜ਼ਾ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਦਾ ਕੰਮ ਸ਼ੁਰੂ ਤੋਂ ਹੀ ਬਿਨਾ ਸਿਰ ਪੈਰ ਦੋਸ਼ ਲਗਾਉਣ ਦਾ ਰਿਹਾ ਹੈ ਅਤੇ ਪਿਛਲੀ ਸਰਕਾਰ ਵੇਲੇ ਵੀ ਉਸ ਨੇ ਸਾਡੇ ਪਰਿਵਾਰ ’ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਅਤੇ ਉਨ੍ਹਾਂ ਨੂੰ ਸਿੱਧ ਕਰਨ ਲਈ ਟਿੱਲ ਦਾ ਜ਼ੋਰ ਵੀ ਲਗਾਇਆ ਪਰ ਅਦਾਲਤ ਵਿਚ ਕੋਈ ਵੀ ਦੋਸ਼ ਸੱਚਾ ਸਾਬਤ ਨਹੀਂ ਹੋ ਸਕਿਆ। ਉਨ੍ਹਾਂ ਕੈਪਟਨ ਵੱਲੋਂ ਬਾਦਲ ਪਰਿਵਾਰ ’ਤੇ ਸੱਤਾ ਦੀ ਦੁਰਵਰਤੋਂ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਬੋਲਦੇ ਕਿਹਾ ਕਿ ਕੈਪਟਨ ਨੂੰ ਆਪਣੀ ਪਿਛਲੀ ਕਾਰੁਗਜ਼ਾਰੀ ’ਤੇ ਝਾਤ
ਮਾਰ ਕੇ ਕੇਵਲ ਖ਼ਬਰ ਬਣਾਉਣ ਲਈ ਅਜਿਹੀ ਝੂਠੀ ਬਿਆਨਬਾਜ਼ੀ ਤੋਂ ਬਾਜ਼ ਆਉਣ ਲਈ ਕਿਹਾ। ਬਾਦਲ ਨੇ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਅਤੇ ਰਾਜਸੀ ਲੋਕਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਉਹ ਆਪਣੇ ਰਾਜਸੀ ਮੁਫਾਦ ਲਈ ਇਕ-ਦੂਜੇ ਵਿਰੁੱਧ ਝੂਠੇ ਬਿਆਨ ਦਾਗਣ। ਉਨ੍ਹਾਂ ਕਿਹਾ ਕਿ ਮੈਂ ਆਪਣੇ 6 ਦਹਾਕਿਆਂ ਦੇ ਰਾਜਸੀ ਜੀਵਨ ਦੌਰਾਨ ਆਪਣੇ ਕਿਸੇ ਰਾਜਸੀ ਵਿਰੋਧੀ ਵਿਰੁੱਧ ਗਲਤ ਬਿਆਨਬਾਜ਼ੀ ਨਹੀਂ ਕੀਤੀ। ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਸਾਥੀ ’ਤੇ ਨਸ਼ੀਲੇ ਪਦਾਰਥਾਂ ਦੇ ਦੋਸ਼ ਲੱਗੇ ਹੋਣ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਕੇਸ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਪੜਾਅ ’ਤੇ ਕਿਸੇ ਤਰ੍ਹਾਂ ਦੀ ਰੈਅ ਜਾਂ ਬਿਆਨ ਦੇਣਾ ਚੰਗੀ ਗੱਲ ਨਹੀਂ। ਇਸ ਤੋਂ ਪਹਿਲਾਂ ਜੱਲੂਪੁਰ ਖੇੜਾ, ਫੇਰੂਮਾਨ, ਉਮਰਾਨੰਗਲ, ਬਿਆਸ ਅਤੇ ਰਈਆ ਮੰਡੀ ਵਿਖੇ ਸੰਗਤ ਦਰਸ਼ਨ ਲਈ ਇਕੱਠੇ ਹੋਏ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂ ਗਰਸ ਦੇ ਮੁੱਖ ਮੰਤਰੀਆਂ ਨੇ ਕਦੇ ਵੀ ਸੱਤਾ ਵਿਚ ਹੁੰਦੇ ਹੋਏ ਲੋਕ ਹਿੱਤਾਂ ਲਈ ਕੰਮ ਨਹੀਂ ਕੀਤਾ, ਜਦਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪੰਜਾਬ ਦੇ ਸਾਰੇ ਪਿੰਡਾਂ ਵਿਚ ਸੰਗਤ ਦਰਸ਼ਨ ਕਰ ਰਹੇ ਹਨ। ਜਿਸ ਨਾਲ ਲੋਕਾਂ ਦੇ ਕੰਮ ਮੌਕੇ ’ਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨਾਂ ਦਾ ਇਕ ਨੁਕਾਤੀ ਪ੍ਰੋਗਰਾਮ ਰਾਜ ਦੇ ਆਮ ਲੋਕਾਂ ਦੀਆਂ ਮੁਸ਼ਿਕਲਾਂ ਦਾ ਹੱਲ ਉਨਾਂ ਦੇ ਘਰ ਜਾ ਕੇ ਕਰਨਾ ਹੈ। ਕਿਉਂਕਿ ਇਸ ਮੌਕੇ ਸਰਕਾਰ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਮੌਕੇ ’ਤੇ ਹਾਜ਼ਰ ਹੁੰਦੇ ਹੋਣ ਕਾਰਨ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ। ਉਨ੍ਹਾਂ ਕਿਹਾ ਕਿ ਪੰਜਾਬ ਹੀ ਇਕੋ-ਇਕ ਰਾਜ ਹੈ। ਜਿੱਥੇ ਅਕਾਲੀ-ਭਾਜਪਾ ਸਰਕਾਰ ਵੇਲੇ ਸੰਗਤ ਦਰਸ਼ਨ ਹੁੰਦੇ ਹਨ। ਬਾਦਲ ਨੇ ਕਿਹਾ ਕਿ ਇਕ ਹੋਰ ਰਾਜ ਦੇ ਮੁੱਖ ਮੰਤਰੀ ਨੇ ਜਨਤਾ ਦਰਬਾਰ ਦੇ ਨਾਂਅ ਹੇਠ ਅਜਿਹਾ ਕੰਮ ਸ਼ੁਰੂ ਕੀਤਾ ਸੀ, ਪਰ ਉਹ ਸ਼ੁਰੁੂਆਤ ਵਿਚ ਹੀ ਇਸ ਕੰਮ ਤੋਂ ਭੱਜ ਗਿਆ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ 2002 ਤੋਂ 2007 ਤੱਕ ਦੇ ਰਾਜ-ਭਾਗ ਸਮੇਂ ਆਮ ਲੋਕਾਂ ਨੂੰ ਤਾਂ ਕੀ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਨਹੀਂ ਮਿਲਦਾ ਰਿਹਾ। ਬਾਦਲ ਨੇ ਨਵੀਆਂ-ਨਵੀਆਂ ਆ ਰਹੀਆਂ ਰਾਜਸੀ ਪਾਰਟੀਆਂ ਦੇ ਨਾਅਰਿਆਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦੇ ਕਿਹਾ ਕਿ ਇਹ ਪਾਰਟੀਆਂ ਕੇਵਲ ਆਪਣੇ ਮੁਫਾਦ ਲਈ ਲੋਕਾਂ ਨੂੰ ਸਬਜ਼ਬਾਗ ਵਿਖਾਉਂਦੀਆਂ ਹਨ ਅਤੇ ਮਗਰੋਂ ਸੱਤਾ ਵਿਚ ਆਉਣ ’ਤੇ ਬਾਤ ਨਹੀਂ ਪੁੱਛਦੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤ ਲਈ ਸਦਾ ਕੰਮ ਕੀਤਾ ਹੈ ਅਤੇ ਕਰਦਾ ਰਹੇਗਾ। ਪੁਲਿਸ ਨੇ ਪੱਤਰਕਾਰਾਂ ਨੂੰ ਰੋਕਿਆ- ਸੰਗਤ ਦਰਸ਼ਨ ਦੌਰਾਨ ਸਕਿਉਰਟੀ ਚ ਲੱਗੇ ਪੁਲਸ ਅਧਿਕਾਰੀਆਂ ਵਲੋਂ ਪੱਤਰਕਾਰਾਂ ਨੂੰ ਗੈਲਰੀ ਦੇ ਬਾਹਰ ਖੜੇ ਰਹਿਣ ਨੂੰ ਕਿਹਾ ਗਿਆ। ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਿਲ ਰਹੀਆਂ ਗ੍ਰਾਟਾਂ ਬਾਰੇ ਕਵਰੇਜ ਕਰਨ ਤੋਂ ਆ ਰਹੀ ਸਮੱਸਿਆ ਬਾਰੇ ਕਿਹਾ ਤਾਂ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸਪੀਕਰ ਵਿਚੋਂ ਸੁਣ ਲਓੁ ਅੱਗੇ ਨਹੀ ਜਾਣ ਦਿੱਤਾ ਜਾਵੇਗਾ। ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਐਸ.ਐਸ.ਪੀ ਦਿਹਾਤੀ ਜਸਦੀਪ ਸਿੰਘ ਨੂੰ ਕਵਰੇਜ ਸਮੱਸਿਆ ਬਾਰੇ ਕਿਹਾ ਤਾਂ ਉਨ੍ਹਾਂ ਕਿਹਾ ਕਿ ਮਜਬੂਰੀ ਹੈ ਤੁਸੀ ਰਈਆ ਪ੍ਰੈਸ ਕਾਨਫਰੰਸ ਚ ਗੱਲ ਕਰ ਲਿਉ।



