ਚੰਡੀਗੜ੍ਹ, 7 ਅਗਸਤ (ਵਿਸ਼ਵ ਵਾਰਤਾ) : ਸੰਪੂਰਨ ਕਾਬੁਲੀ ਭਾਈਚਾਰੇ ਵਿਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਗ੍ਰਹਿ ਮੰਤਰਾਲੇ ਨੇ ਕਾਬੁਲ ਤੋਂ ਵਿਸਥਾਪਿਤ ਹੋ ਕੇ ਆਏ ਅਤੇ ਭਾਰਤ ਵਿਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਕਾਬੁਲੀ ਭਾਈਚਾਰੇ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ। ਫਿਲਹਾਲ ਇਸ ਨਾਗਰਿਕਤਾ ਦੀ ਮਿਆਦ 2 ਵਰ੍ਹੇ ਹੈ, ਜੋ ਕਿ ਇਨ੍ਹਾਂ ਦੇ ਚੰਗੇ ਆਚਰਣ ਨੂੰ ਵੇਖ ਕੇ ਸਥਾਈ ਕਰ ਦਿੱਤੀ ਜਾਵੇਗੀ।

ਕਾਬੂਲੀ ਭਾਈਚਾਰੇ ਦੇ ਮੋਹਰੀ ਜਥੇ ਦੇ ਪ੍ਰਧਾਨ ਬਲਵੰਤ ਸਿੰਘ, ਹਰਪਾਲ ਸਿੰਘ ਲਾਂਬਾ ਅਤੇ ਖਜਿੰਦਰ ਸਿੰਘ ਆਦਿ ਹੋਰ ਸਿੰਘਾਂ ਨੂੰ ਲੈ ਕੇ ਪੰਜਾਬੀ ਸਿਵਲ ਸੋਸਾਇਟੀ ਦੇ ਪ੍ਰਧਾਨ ਰਘੁਬੀਰ ਸਿੰਘ ਜੌੜਾ ਕੋਲ ਉਨ੍ਹਾਂ ਦਾ ਧੰਨਵਾਦ ਕਰਨ ਲਈ ਪੁੱਜੇ। ਉਨ੍ਹਾਂ ਕਿਹਾ ਕਿ ਜੌੜਾ ਕਾਬੂਲੀ ਭਾਈਚਾਰੇ ਲਈ ਇਕ ਮਸੀਹਾ ਹਨ। ਇਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਹੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਸਾਨੂੰ ਅਸਥਾਈ ਨਾਗਰਿਕਤਾ ਦਾ ਪੱਤਰ ਪ੍ਰਾਪਤ ਹੋਇਆ ਹੈ। ਭਾਰਤ ਵਿਚ ਕਈ ਸਾਲਾਂ ਤੋਂ ਰਹਿਣ ਦੇ ਬਾਵਜੂਦ ਵੀ ਸਾਡਾ ਦਰਜਾ ਕੇਵਲ ਸ਼ਰਨਾਰਥੀਆਂ ਦਾ ਹੀ ਸੀ। ਅਜਿਹੇ ਵਿਚ ਸ. ਰਘੁਵੀਰ ਸਿੰਘ ਜੌੜਾ ਨੇ ਸਾਡੀ ਬਾਂਹ ਫੜੀ ਅਤੇ ਸਾਡੇ ਹੱਕ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਸ. ਜੌੜਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਕਾਨੂੰਨ ਮੰਤਰੀ ਆਦਿ ਤਕ ਸਾਡੇ ਡੈਲੀਗੇਸ਼ਨ ਨੂੰ ਲੈ ਕੇ ਗਏ ਅਤੇ ਸਾਡੀ ਆਵਾਜ਼ ਉਨ੍ਹਾਂ ਤੱਕ ਪਹੁੰਚਾਈ।