ਅੰਮ੍ਰਿਤਸਰ, 7 ਅਗਸਤ (ਪੀ.ਟੀ.)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੇ ਉੱਦਮ ਅਤੇ ਪਹਿਲਕਦਮੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਦਾ ਕੰਮ 18 ਅਗਸਤ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਕਾਰ ਸੇਵਾ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਨੱਕਾਸ਼ੀ ਅਤੇ ਸੋਨੇ ਦੇ ਲੱਗੇ ਪਤਰਿਆਂ ਨੂੰ ਚਮਕਾਉਣ ਅਤੇ ਸਾਫ ਕਰਨ ਦੀ ਸੇਵਾ ਕੀਤੀ ਜਾਏਗੀ।

ਇਹ ਕਾਰ ਸੇਵਾ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ‘ਚ ਕਰਵਾਈ ਗਈ ਸੀ ਅਤੇ ਸਦੀਆਂ ਬਾਅਦ ਹੁਣ ਇਹ ਅਹਿਮ ਸੇਵਾ ਮੁੜ ਆਰੰਭੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਲੱਗੇ ਸੋਨੇ ਦੀ ਚਮਕ ਅਤੇ ਉਸ ਦੀ ਮੀਨਾਕਾਰੀ ਖਰਾਬ ਹੋ ਗਈ ਹੈ ਅਤੇ ਇਸ ਦੀ ਕਾਰ ਸੇਵਾ ਅੱਜ ਤੋਂ 200 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ‘ਚ ਕੀਤੀ ਗਈ ਸੀ ਪਰ ਇਸ ਦਾ ਸੋਨਾ ਹੁਣ ਕਾਲਾ ਪੈਂਦਾ ਜਾ ਰਿਹਾ ਹੈ ਜਿਸ ਕਾਰਨ ਇਸ ਦੀ ਚਮਕ ਫਿੱਕੀ ਪੈ ਰਹੀ ਹੈ। ਸ਼੍ਰੋਮਮੀ ਕਮੇਟੀ ਵੱਲੋਂਇਸ ਕਾਰ ਸੇਵਾ ਦਾ ਜਿੰਮਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨੂੰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਜੋ ਸੋਨੇ ਦਾ ਕੰਮ ਹੋਇਆ ਹੈ ਉਹ 200 ਸਾਲ ਪੁਰਾਣਾ ਹੈ ਅਤੇ ਇਸ ਨੂੰ ਸੰਭਾਲਣ ਦੇ ਲਈ ਇਸ ਦੀ ਕਾਰ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਇਹ ਕਾਰਜ ਮਾਹਿਰਾਂ ਦੀ ਟੀਮ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਆਰੰਭਿਆ ਜਾਏਗਾ।