ਚੰਡੀਗੜ, 25 ਜੁਲਾਈ (ਨਾਗਪਾਲ)- ਪੰਜਾਬ ਦੇ ਸਾਬਕਾ ਫੌਜੀਆਂ ਨੇ ਅੱਜ ‘ਵਨ ਰੈਂਕ ਵਨ ਪੈਨਸ਼ਨ’ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਰੱਖਿਆ ਮੰਤਰੀ ਮਨੋਹਰ ਪਰੀਕਰ ਨੂੰ ਮੋਹਾਲੀ ’ਚ ਕਾਲੇ ਝੰਡੇ ਦਿਖਾਏ ਹਨ।ਪਰੀਕਰ ਮੋਹਾਲੀ ’ਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਉਦਘਾਟਨ ਕਰਨ ਆਏ ਸਨ।ਸਾਬਕਾ ਫੌਜੀਆਂ ਨੇ ਕਿਹਾ ਕਿ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਾਅਦਾ ਤਾਂ ਕੀਤਾ ਪਰ 14 ਮਹੀਨੇ ਬੀਤਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਹੈ।ਇਸੇ ਲਈ ਹੀ ਰੱਖਿਆ ਮੰਤਰੀ ਦਾ ਸੰਕੇਤਕ ਵਿਰੋਧ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਮੰਗ ਨਾ ਮੰਨੀ ਗਈ ਤਾਂ ਇਹ ਸਾਬਕਾ ਫ਼ੌਜੀ ਕਿਸੇ ਹੱਦ ’ਤੇ ਜਾ ਕੇ ਵੀ ਸੰਘਰਸ਼ ਕਰ ਸਕਦੇ ਹਨ।ਉਨ੍ਹਾਂ ਕਿਹਾ ਅਗਲੀਆਂ ਚੋਣਾਂ ਦੌਰਾਨ ਸਾਬਕਾ ਫ਼ੌਜੀ ਕਿਸੇ ਵੀ ਉਮੀਦਵਾਰ ਦੇ ਅਕਸ ਮੁਤਾਬਕ ਮਦਦ ਕਰਿਆ ਕਰਨਗੇ ਜਾਂ ਬਾਈਕਾਟ ਦਾ ਫ਼ੈਸਲਾ ਵੀ ਕਰ ਸਕਦੇ ਹਨ।



