ਸ੍ਰੀਨਗਰ, 2 ਜੁਲਾਈ (ਪੀ. ਟੀ. ਲਾਇਵ)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਇਮਾਨਦਾਰੀ ਨਾਲ ਪਾਕਿਸਤਾਨ ਸਮੇਤ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਸਬੰਧ ਚਾਹੁੰਦੀ ਹੈ ਪਰ ਪਾਕਿਸਤਾਨ ਨੂੰ ਵੀ ਆਪਣੇ ਰੁਖ ’ਤੇ ਵਿਚਾਰ ਕਰਨਾ ਹੋਵੇਗਾ।ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਸਹੁੰ ਚੁੱਕ ਸਮਾਰੋਹ ਦੇ ਦਿਨ ਤੋਂ ਹੀ ਆਪਣਾ ਇਰਾਦਾ ਸਪਸ਼ਟ ਕਰ ਦਿੱਤਾ ਸੀ।ਜੇ ਸਰਕਾਰ ਦਾ ਇਰਾਦਾ ਸਬੰਧਾਂ ਨੂੰ ਬਿਹਤਰ ਬਣਾਉਣ ਦਾ ਨਾ ਹੁੰਦਾ ਤਾਂ ਸ਼ਾਇਦ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਹੁੰ ਚੁੱਕ ਸਮਾਰੋਹ ’ਚ ਆਉਣ ਲਈ ਸੱਦਾ ਨਾ ਭੇਜਦੇ।
ਆਪਣੀ ਦੋ ਦਿਨ ਦੀ ਜੰਮੂ-ਕਸ਼ਮੀਰ ਦੀ ਫੇਰੀ ਦੌਰਾਨ ਬਾਬਾ ਅਮਰਨਾਥ ਦੇ ਬਰਫ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰਨ ਤੋਂ ਬਾਅਦ ਜੰਮੂ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਰੀਅਤ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਾਲੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (ਅਫਸਪਾ) ਨਹੀਂ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਤੱਕ ਸੂਬੇ ਵਿੱਚ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ ਤਦ ਤੱਕ ਅਫਸਪਾ ਨੂੰ ਹਟਾਇਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਬਾਬਾ ਅਮਰਨਾਥ ਦੀ ਯਾਤਰਾ ’ਤੇ ਗਏ ਸ਼ਰਧਾਲੂਆਂ ਦੇ ਪਹਿਲੇ ਜਥੇ ਨੇ ਅੱਜ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕੀਤੇ।
ਇਸ ਜਥੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਰਾਜਪਾਲ ਐਨਐਨ ਵੋਹਰਾ ਵੀ ਸ਼ਾਮਿਲ ਸਨ। ਇਨ੍ਹਾਂ ਦੋਨਾਂ ਵੱਲੋਂ ਦਰਸ਼ਨ ਕਰਨ ਦੇ ਬਾਅਦ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਦਰਸ਼ਨ ਕਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਬਾਬਾ ਅਮਰਨਾਥ ਯਾਤਰਾ ਦੇ ਲਈ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਮਦਦ ਲਈ ਵੱਖ-ਵੱਖ ਸਥਾਨਾਂ ’ਤੇ ਕੈਂਪ ਵੀ ਲਾਏ ਗਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ 1280 ਸ਼ਰਧਾਲੂਆਂ ਦਾ ਪਹਿਲਾ ਜੱਥਾ ਪੁੱਜਾ। ਜਥੇ ਵਿੱਚ 191 ਔਰਤਾਂ, 16 ਬੱਚੇ ਅਤੇ 154 ਸਾਧੂਆਂ ਸਮੇਤ ਕਈ ਹੋਰ ਵਿਅਕਤੀ ਸ਼ਾਮਿਲ ਸਨ।



