ਬੀਜਿੰਗ, 2 ਜੁਲਾਈ (ਪੀ. ਟੀ.)- ਮੁੰਬਈ ਹਮਲਿਆਂ ਦੇ ਮੁੱਖ ਸਾਜਸ਼ ਕਰਤਾ ਜਕੀਉਰ ਰਹਿਮਾਨ ਲਖਵੀ ਦੀ ਰਿਹਾਈ ’ਤੇ ਪਾਕਿਸਤਾਨ ਖਿਲਾਫ ਕਾਰਵਾਈ ’ਚ ਅੜੀਕਾ ਪਾਉਣ ਦੇ ਚੀਨ ਦੇ ਕਦਮ ’ਤੇ ਭਾਰਤ ਦੀ ਪ੍ਰੇਸ਼ਾਨੀ ਵਿਚਕਾਰ ਚੀਨ ਨੇ ਅੱਤਵਾਦ ਵਿਰੋਧੀ ਸੰਯੁਕਤ ਤੰਤਰ ‘ਤੇ ਭਾਰਤ ਦੇ ਨਾਲ ਚਰਚਾ ਦੀ ਪੇਸ਼ਕਸ਼ ਰੱਖੀ ਹੈ।ਇਸ ‘ਤੇ ਚੀਨੀ ਅਧਿਕਾਰੀ ਨੇ ਕਿਹਾ ਹੈ ਕਿ ਦੋਵੇਂ ਦੇਸ਼ ਅੱਤਵਾਦ ਤੋਂ ਪੀੜਤ ਹਨ ਤੇ ਇਸ ਨਾਲ ਨਜਿੱਠਣ ਲਈ ਦੋਵੇਂ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹਨ। ਚੀਨੀ ਵਿਦੇਸ਼ ਮੰਤਰਾਲਾ ਦੇ ਏਸ਼ੀਆਈ ਮਾਮਲਿਆਂ ਦੇ ਵਿਭਾਗ ਦੇ ਡਿਪਟੀ ਡਾਈਰੈਕਟਰ ਜਨਰਲ ਨੇ ਕਿਹਾ ਹੈ ਭਾਰਤ ਤੇ ਚੀਨ ਦੋਵੇਂ ਅੱਤਵਾਦ ਦੇ ਸ਼ਿਕਾਰ ਹਨ ਤੇ ਚੀਨ ਅੱਤਵਾਦ ਦੀਆਂ ਸਾਰੀਆਂ ਕਿਸਮਾਂ ਦਾ ਵਿਰੋਧ ਕਰਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਬਹੁਪੱਖੀ ਸੰਸਥਾਵਾਂ ‘ਚ ਅਹਿਮ ਮੁੱਦਿਆਂ ਦਾ ਮਾਮਲਾ ਆਉਂਦਾ ਹੈ ਤਾਂ ਉਸ ਵਕਤ ਵਾਧੂ ਚਰਚਾ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਭਾਰਤੀ ਪੱਤਰਕਾਰਾਂ ਨੂੰ ਕੱਲ੍ਹ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਹੋਰ ਵਾਰਤਾ ਤੇ ਗੱਲਬਾਤ ਕਰਨ ਦੀ ਜਰੂਰਤ ਹੈ ਤਾਂ ਜੋ ਦੋਵਾਂ ਵਿਚਕਾਰ ਬਿਹਤਰ ਸਮਝ ਪੈਦਾ ਹੋ ਸਕੇ।


