ਫਿਰੋਜ਼ਪੁਰ, 12 ਜੂਨ (ਸਤਨਾਮ ਸਿੰਘ ਭੁੱਲਰ)- ਪੰਜਾਬ ਅੰਦਰ ਹਾਲਾਤ ਜਦੋਂ ਵੀ ਅਣਸੁਖਾਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਧਰਮ ਦੀ ਆੜ ਲੈ ਕੇ ਸੂਬਾ ਵਾਸੀਆਂ ਦਾ ਧਿਆਨ ਮੁੱਦਿਆਂ ਤੋਂ ਲਾਂਭੇ ਕੀਤਾ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੁਬਾਈ ਕਨਵੀਨਰ ਅਤੇ ਮੈਂਬਰ ਪਾਰਲੀਮੈਂਟ ਸ: ਸੁੱਚਾ ਸਿੰਘ ਛੋਟੇਪੁਰ ਨੇ ਸਾਡੇ ਇਸ ਪੱਤਰਕਾਰ ਨਾਲ ਫੋਨ ’ਤੇ ਕੀਤੀ ਖਾਸ ਗੱਲਬਾਤ ਰਾਹੀਂ ਸਾਂਝੇ ਕੀਤੇ। ਸ਼੍ਰੋਮਣੀ ਅਕਾਲੀ ਦਲ ਦਾ ਪੇਂਡੂ ਆਧਾਰ ਕਮਜੋਰ ਕਰਨ ਦੀ ਮਨਸ਼ਾ ਨਾਲ ਸੂਬਾ ਸਰਕਾਰ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਵੀ ਭਰਤੀ ਮੁਹਿੰਮ ਸ਼ੁਰੂ ਕਰਨ ਦੇ ਮੁੱਦੇ ’ਤੇ ਜਦੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਕੋਈ ਖਾਸ ਭਰਤੀ ਮੁਹਿੰਮ ਆਉਣ ਵਾਲੇ ਸਮੇਂ ’ਚ ਸ਼ੁਰੂ ਕਰਨ ਬਾਰੇ ਕੀਤੇ ਸੁਆਲ ਦੇ ਜਵਾਬ ’ਚ
ਸੁਬਾਈ ਕਨਵੀਨਰ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਪਾਰਟੀ ਨੂੰ ਖਾਸ ਭਰਤੀ ਮੁਹਿੰਮ ਚਲਾਉਣ ਦੀ ਲੋੜ ਨਹੀਂ ਕਿਉਂਕਿ ਅਕਾਲੀ – ਭਾਜਪਾ ਦਾ ਪੰਜਾਬ ਅੰਦਰ ਅਧਾਰ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਅਤੇ ਪੰਜਾਬ ਦੇ ਲੋਕ ਬਦਲਾਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮੌਜੂਦਾ ਸਰਕਾਰੀ ਧਿਰ ਦੀ ਰਹੀ ਸਹੀ ਫਜ਼ੀਹਤ ਮੋਗਾ ਬੱਸ ਕਾਂਡ ਨੇ ਪੂਰੀ ਕਰ ਦਿੱਤੀ । ਸ: ਛੋਟੇਪੁਰ ਨੇ ਇਹ ਵੀ ਕਿਹਾ ਕਿ ਦੋਵੇਂ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਪਿਛਲੇ ਤਿੰਨ ਸਾਲਾਂ ਦੌਰਾਨ ਦੋਹਾਂ ਪਾਰਟੀਆਂ ਨੇ ਸੂਬੇ ਨੂੰ ਰੱਜ ਕੇ ਲੁੱਟਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਮੁਸੀਬਤਾਂ ’ਚ ਘਿਰੀ ਕੇਜਰੀਵਾਲ ਸਰਕਾਰ ਸੰਬੰਧੀ ਪੁੱਛੇ ਸੁਆਲ ਦੇ ਜਵਾਬ ’ਚ ਉਹਨਾਂ ਕਿਹਾ ਕਿ ਦਿੱਲ ਦੇ ਲੋਕਾਂ ਵੱਲੋਂ ਐਡਾ ਵੱਡਾ ਫਤਵਾ ਆਪ ਦੇ ਹੱਕ ’ਚ ਦੇਣ ਨਾਲ ਕੇਂਦਰ ’ਚ ਬੈਠੇ ਭਾਜਪਾ ਦੇ ਹੁਕਮਰਾਨਾਂ ਦੇ ਹੌਸਲੇ ਪਸਤ ਹੋ ਚੁੱਕੇ ਹਨ ਜਿਸਦੇ ਚਲਦੇ ਨਿਤ ਨਵੀਆਂ ਵਿਊਂਤਾਂ ਘੜ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਪੁਲਿਸ ਵੱਲੋਂ ਕੇਜਰੀਵਾਲ ਸਰਕਾਰ ਦੇ ਗ੍ਰਿਫਤਾਰ ਕੀਤੇ ਮੰਤਰੀ ਬਾਰੇ ਪੁੱਛੇ ਸੁਆਲ ਦੇ ਜੁਆਬ ’ਚ ਉਹਨਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਨੂੰਨ ਸਰਵੋਪਰੀ ਹੈ।



