ਮੁਹਾਲੀ, 31 ਮਈ (ਨਾਗਪਾਲ)- ਮੁਹਾਲੀ ਸਥਿਤ ਪੰਜਾਬ ਓਲੰਪਿਕ ਭਵਨ ਵਿਖੇ ਅੱਜ ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਹੋਈ ਸਾਲਾਨਾ ਜਨਰਲ ਮੀਟਿੰਗ ਵਿੱਚ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੀ ਅਗਲੇ ਚਾਰ ਸਾਲਾਂ ਲਈ ਚੋਣ ਕੀਤੀ ਗਈ। ਇਹ ਚੋਣ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਭੇਜੇ ਨਿਗਰਾਨ ਸ. ਉਂਕਾਰ ਸਿੰਘ ਅਤੇ ਪੰਜਾਬ ਸਟੇਟ ਸਪੋਰਟਸ ਕੌਂਸਲ ਦੇ ਨੁਮਾਇੰਦੇ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਉਮਰ ਭਰ ਦੇ ਪ੍ਰਧਾਨ ਸ. ਮਹਿਲ ਸਿੰਘ ਭੁੱਲਰ ਤੇ ਸ. ਪ੍ਰੀਤਮ ਸਿੰਘ ਕੁਮੇਦਾਨ ਵੀ ਹਾਜ਼ਰ ਸਨ। ਪੂਰੇ ਹਾਊਸ ਨੇ ਸਭ ਤੋਂ ਪਹਿਲਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਣੇ ਪੰਜਾਬ ਓਲੰਪਿਕ ਭਵਨ ਦੇ ਨਿਰਮਾਣ ਲਈ ਮੌਜੂਦਾ ਅਹੁਦੇਦਾਰਾਂ ਦੀ ਟੀਮ ਨੂੰ ਵਧਾਈ ਦਿੱਤੀ। ਇਸ ਉਪਰੰਤ ਹਾਊਸ ਨੇ
ਸਰਵਸੰਮਤੀ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੂੰ ਮੁੜ ਪ੍ਰਧਾਨ ਚੁਣ ਲਿਆ। ਇਸੇ ਤਰ੍ਹਾਂ ਰਾਜਾ ਕੇ.ਐਸ.ਸਿੱਧੂ ਤੇ ਸਾਬਕਾ ਡੀ.ਜੀ.ਪੀ. ਸ. ਰਾਜਦੀਪ ਸਿੰਘ ਗਿੱਲ ਮੁੜ ਕ੍ਰਮਵਾਰ ਸਕੱਤਰ ਜਨਰਲ ਤੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਹਾਊਸ ਨੇ ਬਾਕੀ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਪ੍ਰਧਾਨ, ਜਨਰਲ ਸਕੱਤਰ ਤੇ ਸੀਨੀਅਰ ਮੀਤ ਪ੍ਰਧਾਨ ਨੂੰ ਦਿੱਤੇ ਗਏ। ਇਸ ਉਪਰੰਤ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ, ਕਾਰਜਕਾਰਨੀ ਮੈਂਬਰਾਂ ਅਤੇ ਕਮੇਟੀਆਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਕੁਝ ਨਵੇਂ ਅਹੁਦੇਦਾਰਾਂ ਨੂੰ ਛੱਡ ਕੇ ਬਾਕੀ ਲੱਗਭੱਗ ਸਾਰੇ ਪੁਰਾਣੇ ਅਹੁਦੇਦਾਰ ਚੁਣੇ ਗਏ। ਅਹੁਦੇਦਾਰਾਂ ਦੀ ਮੁਕੰਮਲ ਸੂਚੀ ਅਨੁਸਾਰ ਵਿਧਾਇਕ ਸ੍ਰੀ ਬ੍ਰਹਮ ਮਹਿੰਦਰਾ, ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ, ਸ੍ਰੀ ਰਾਜਨ ਗੁਪਤਾ ਤੇ ਸ੍ਰੀ ਐਨ.ਐਸ. ਕਲਸੀ ਨੂੰ ਮੀਤ ਪ੍ਰਧਾਨ, ਸ੍ਰੀ ਕੇ.ਵੀ.ਐਸ.ਸਿੱਧੂ ਨੂੰ ਵਧੀਕ ਸਕੱਤਰ, ਸ੍ਰੀ ਜਗਦੀ ਮਿੱਤਲ, ਸ੍ਰੀ ਕੇ.ਐਸ.ਕੰਗ, ਸ੍ਰੀ ਰਾਜਿੰਦਰ ਕਲਸੀ ਤੇ ਸ੍ਰੀ ਅਪਿੰਦਰ ਸਿੰਘ ਗਰੇਵਾਲ ਨੂੰ ਸੰਯੁਕਤ ਸਕੱਤਰ, ਸ੍ਰੀ ਪੀ.ਐਸ.ਵਿਰਕ ਨੂੰ ਖਜਾਨਚੀ ਚੁਣਿਆ ਗਿਆ। ਕਾਰਜਕਾਰਨੀ ਮੈਂਬਰਾਂ ਵਿੱਚ ਕੈਬਨਿਟ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਅਰਜੁਨਾ ਐਵਾਰਡੀ ਤਾਰਾ ਸਿੰਘ, ਅਰਜੁਨਾ ਐਵਾਰਡੀ ਜੈਪਾਲ ਸਿੰਘ, ਸ. ਤੇਜਿੰਦਰ ਪਾਲ ਸਿੰਘ ਸਿੱਧੂ, ਸ. ਤੇਜਾ ਸਿੰਘ ਧਾਲੀਵਾਲ, ਸ. ਉਪਜੀਤ ਸਿੰਘ ਬਰਾੜ, ਸ. ਸਤਬੀਰ ਸਿੰਘ ਅਟਵਾਲ, ਸ. ਦੇਵ ਸਿੰਘ ਧਾਲੀਵਾਲ, ਸ. ਪ੍ਰਭਜੀਵ ਸਿੰਘ, ਸ੍ਰੀ ਬਲਰਾਜ ਸ਼ਰਮਾ, ਸ੍ਰੀ ਰਾਜ ਕੁਮਾਰ ਤੇ ਕਰਨਲ ਸਰਪ੍ਰਤਾਪ ਸਿੰਘ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਕੋਚਿੰਗ ਤੇ ਟ੍ਰੇਨਿੰਗ ਕਮੇਟੀ ਦਾ ਚੇਅਰਮੈਨ ਵਿਧਾਇਕ ਅਤੇ ਪਦਮ ਸ੍ਰੀ ਪਰਗਟ ਸਿੰਘ, ਹਾਲ ਆਫ ਫੇਮ ਕਮੇਟੀ ਦਾ ਚੇਅਰਮੈਨ ਸ. ਰਾਜਦੀਪ ਸਿੰਗ ਗਿੱਲ ਅਤੇ ਮੀਡੀਆ ਅਤੇ ਪਬਲੀਸਿਟੀ ਕਮੇਟੀ ਦਾ ਕੋਆਰਡੀਨੇਟਰ ਨਵਦੀਪ ਸਿੰਘ ਗਿੱਲ ਨੂੰ ਚੁਣਿਆ ਗਿਆ।
ਜੂਨੀਅਰ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮਨਦੀਪ ਕੌਰ ਸੰਧੂ ਨੂੰ ਇਕ ਲੱਖ ਰੁਪਏ ਦਾ ਚੈਕ ਸੌਂਪਿਆ
ਇਸ ਮੌਕੇ ਸ. ਢੀਂਡਸਾ ਨੇ ਪੰਜਾਬ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਤੇ ਐਸੋਸੀਏਸ਼ਨ ਵੱਲੋਂ ਜੂਨੀਅਰ ਵਿਸ਼ਵ ਚੈਂਪੀਅਨ ਬਣੀ ਚਕਰ ਦੀ ਮੁੱਕੇਬਾਜ਼ ਮਨਦੀਪ ਕੌਰ ਸੰਧੂ ਨੂੰ ਇਕ ਲੱਖ ਰੁਪਏ ਦਾ ਚੈਕ ਇਨਾਮ ਵਜੋਂ ਦਿੱਤਾ ਗਿਆ।