ਸ੍ਰੀ ਅਨੰਦਪੁਰ ਸਾਹਿਬ, 30 ਮਈ (ਦਵਿੰਦਰਪਾਲ ਸਿੰਘ/ਅੰਕੁਸ਼)- ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਦਰਸਾਉਦੇ ਹੋਏ ਰਾਸਟਰੀ ਪੱਧਰ ਦੇ ਭਾਸ਼ਣ ਫਾਇਨਲ ਮੁਕਾਬਲੇ 4 ਜੂਨ ਦਿਨ ਵੀਰਵਾਰ ਨੂੰ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ । ਅੱਜ ਇੱਥੇ ਹੋਏ ਪੱਤਰਕਾਰ ਸੰਮੇਲਨ ਦੌਰਾਨ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਦੇ ਚੇਅਰਮੈਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆਂ ਕਿ ਇਨ੍ਹਾਂ ਫਾਇਨਲ ਮੁਕਾਬਲਿਆਂ ਦੇ ਮੁੱਖ ਵਿਸ਼ੇ ‘‘ਇਨ ਗਰੀਬਨ ਕੋ ਦੂੰ ਪਾਤਸ਼ਾਹੀ॥ ਯਾਦ ਰਖੇ ਹਮਰੀ ਗੁਰਿਆਈ’’ ਅਤੇ ‘‘ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ॥’’ ਹਨ। ਉਨ੍ਹਾਂ
ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਪਹਿਲੇ, ਦੂਜੇ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਕਰਮਵਾਰ 11000/-, 5100/- ਅਤੇ 3100/- ਰੁਪਏ ਨਕਦ ਅਤੇ ਸਨਮਾਨ ਚਿੰਨ ਇਨਾਮ ਵੱਜੋਂ ਦਿੱਤੇ ਜਾਣਗੇ। ਭਾਈ ਚਾਵਲਾ ਨੇ ਦੱਸਿਆ ਕਿ ਇਸ ਮੌਕੇ ਸਿੰਘ ਸਾਹਿਬ ਗਿ:ਮੱਲ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇ:ਅਵਤਾਰ ਸਿੰਘ ਮੱਕੜ ਅਤੇ ਸਿੰਘ ਸਾਹਿਬ ਗਿ:ਜਗਤਾਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਹਨਾਂ ਮੁਕਾਬਲਿਆਂ ਮੌਕੇ ਸਿੰਘ ਸਾਹਿਬ ਗ਼ਿਗੁਰਬਚਨ ਸਿੰਘ ਜੀ ਮੁਖ ਮਹਿਮਾਨ ਹੋਣਗੇ ਜਦਕਿ ਮੈਂਬਰ ਪਾਰਲੀਮੈਂਟ ਪ੍ਰੋਫ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿੱਖਿਆ ਮੰਤਰੀ ਪੰਜਾਬ ਡਾ:ਦਲਜੀਤ ਸਿੰਘ ਚੀਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਮੌਕੇ ਮਨਜਿੰਦਰ ਸਿੰਘ ਬਰਾੜ, ਸਤਨਾਮ ਸਿੰਘ ਝੱਜ, ਅਮਨਦੀਪ ਸਿੰਘ, ਹਰਦੇਵ ਸਿੰਘ, ਜਗਜੀਤ ਸਿੰਘ ਸੌਢੀ, ਦਵਿੰਦਰ ਸਿੰਘ ਰਾਣਾ, ਹਰਜੀਤ ਸਿੰਘ ਅਚਿੰਤ, ਹਰਮਨਿੰਦਰ ਸਿੰਘ ਪ੍ਰਿੰਸ, ਪ੍ਰਿਤਪਾਲ ਸਿੰਘ ਗੰਡਾ ਆਦਿ ਹਾਜ਼ਰ ਸਨ।