ਬਠਿੰਡਾ, 28 ਮਈ (ਅਮਰਜੀਤ ਸਿੰਘ ਸਿੱਧੂ)- ਨਰਮਾ ਪੱਟੀ ਵਜੋਂ ਜਾਣੇ ਜਾਂਦੇ ਬਠਿੰਡਾ ਖਿੱਤੇ ਅੰਦਰ ਇਸ ਵਾਰ ਨਰਮੇਂ ਦੀ ਚੁਗਾਈ ਵਿਦੇਸ਼ੀ ਮਸ਼ੀਨਾਂ ਨਾਲ ਹੋਣ ਜਾ ਰਹੀ ਹੈ। ਜਿਸ ਲਈ ਖੇਤੀ ਬਾੜੀ ਵਿਭਾਗ ਨੇ ਅਜਿਹੀ ਚੁਗਾਈ ਲਈ ਲੋੜੀਦੀ ਤਕਨੀਕ ਨਾਲ ਜਿਲ੍ਹੇ ਦੇ ਤਲਵੰਡੀ ਸਾਬੋ ਅਤੇ ਸੰਗਤ ਬਲਾਕ ਦੇ ਪਿੰਡਾਂ ਅੰਦਰ ਨੈਮਾਟਿਕ ਪਲਾਂਟਰ ਮਸ਼ੀਨਾਂ ਨਾਲ 500 ਏਕੜ ਰਕਬੇ ਵਿੱਚ ਨਰਮੇਂ ਦੀ ਬਿਜਾਈ ਕਰਵਾਈ ਹੈ। ਖੇਤੀਬਾੜੀ ਵਿਭਾਗ ਅਜਿਹੀ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਉਤਸ਼ਾਹਿਤ ਭੱਤਾ ਵੀ ਦੇ ਰਿਹਾ ਹੈ। ਇਸ ਵਿਧੀ ਨਾਲ ਪ੍ਰਤੀ ਏਕੜ 7 ਹਜ਼ਾਰ ਰੁਪਏ ਦਾ ਬੀਜ ਪੈਂਦਾ ਹੈ। ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਬਿਜਾਈ ਦਾ ਖਰਚਾ ਆਉਦਾ ਹੈ ਅਤੇ ਬੀਜਿਆ ਹੋਇਆ ਨਰਮਾਂ ਤੁਰੰਤ ਮੀਂਹ ਪੈਣ ਨਾਲ ਕਰੰਡ ਵੀ ਨਹੀਂ ਹੁੰਦਾ ਅਤੇ ਫਸਲ ਗਰਮੀ ਪੈਣ ਨਾਲ ਸੜਦੀ ਵੀ ਨਹੀਂ। ਇਸ ਮੰਤਵ ਲਈ ਸਰਕਾਰ ਨੇ ਜੌਹਨ ਡੀਅਰ ਅਤੇ ਵਾਇਰ ਕੰਪਨੀਆਂ
ਨਾਲ ਇਕਰਾਰਨਾਮਾ ਕੀਤਾ ਹੈ ਜੋ ਨਰਮੇਂ ਦੀ ਬਿਜਾਈ ਤੋਂ ਲੈ ਕੇ ਚੁਗਾਈ ਦਾ ਕੰਮ ਕਰਨ ਤੱਕ ਕਿਸਾਨਾਂ ਦੀ ਅਗਵਾਈ ਕਰਨਗੀਆਂ। ਨਰਮੇਂ ਦੀ ਬਿਜਾਈ ਕਰਨ ਵਾਲੀ ਇਸ ਮਸ਼ੀਨ ਦੀ ਕੀਮਤ 9 ਲੱਖ ਰੁਪਏ ਹੈ ਅਤੇ ਜਿਲ੍ਹੇ ਵਿੱਚ ਅਜਿਹੀਆਂ ਚਾਰ ਮਸ਼ੀਨਾਂ ਨਰਮੇਂ ਦੀ ਬਿਜਾਈ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ।
ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਨਰਮੇਂ ਦੀ ਫਸਲ ਤਿਆਰ ਹੋਣ ਪਿੱਛੋਂ ਕੰਪਨੀਆਂ ਵੱਲੋਂ ਇੱਕ ਖਾਸ ਕਿਸਮ ਦੀ ਵਿਦੇਸ਼ੀ ਸਪਰੇਅ ਕਿਸਾਨਾਂ ਨੂੰ ਮੁਫਤ ਦਿੱਤੀ ਜਾਣੀ ਹੈ। ਜਿਸਦੀ ਵਰਤੋਂ ਨਾਲ ਨਰਮੇਂ ਦੀ ਫਸਲ ਦੇ ਪੱਤੇ ਅਤੇ ਹੋਰ ਰਹਿੰਦ ਖੂੰਹਦ ਖਤਮ ਹੋ ਜਾਂਦੀ ਹੈ ਅਤੇ ਸਿਰਫ ਖਿੜੇ ਹੋਏ ਟੀਂਡੇ ਹੀ ਬਾਕੀ ਬਚਦੇ ਹਨ। ਜਿੰਨ੍ਹਾਂ ਨੂੰ ਇੱਕ ਵਾਰ ਹੀ ਮਸ਼ੀਨ ਦੁਆਰਾ ਇਕੱਠਾ ਕਰਕੇ ਟਰਾਲੀ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਚੁਗੇ ਗਏ ਨਰਮੇਂ ਨੂੰ ਪ੍ਰੀ-ਕਲੀਨਰ ਵਿਦੇਸ਼ੀ ਮਸ਼ੀਨ ਵਿੱਚ ਦੀ ਕੱਢ ਕੇ ਇਸਦੀ ਕੁਆਲਟੀ ਵਿੱਚ ਸੁਧਾਰ ਲਿਆਦਾ ਜਾਂਦਾ ਹੈ। ਇਹ ਮਸ਼ੀਨ ਪੰਜਾਬ ਮੰਡੀ ਬੋਰਡ ਵੱਲੋਂ ਮਲੋਟ ਦੀ ਦਾਣਾ ਮੰਡੀ ਵਿੱਚ ਲਗਾਈ ਗਈ ਹੈ ਤਾਂ ਜੋ ਇਸ ਖਿੱਤੇ ਦੇ ਕਿਸਾਨ ਇਸ ਵਿਧੀ ਦਾ ਫਾਇਦਾ ਲੈ ਸਕਣ।
ਮੁੱਖ ਖੇਤੀਬਾੜੀ ਅਫਸਰ ਡਾ ਰਾਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਜਿਹੀ ਤਕਨੀਕ ਨਾਲ ਸਾਫ ਕੀਤੇ ਨਰਮੇਂ ਦਾ ਭਾਅ ਮੰਡੀ ਵਿੱਚ ਹੱਥੀਂ ਚੁਗਾਈ ਕੀਤੇ ਨਰਮੇਂ ਨਾਲੋ 35 ਤੋਂ 40 ਰੁਪਏ ਪ੍ਰਤੀ ਕੁਇੰਟਲ ਜਿਆਦਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੋਣ ਨਾਲ ਕਿਸਾਨ ਨਰਮੇਂ ਹੇਠ ਰਕਬਾ ਵਧਾਉਣ ਲਈ ਉਤਸ਼ਾਹਿਤ ਹੋਣਗੇ ਅਤੇ ਝੋਨੇ ਵਰਗੀ ਵੱਧ ਪਾਣੀ ਨਾਲ ਪਲਣ ਵਾਲੀ ਫਸਲ ਹੇਠ ਰਕਬਾ ਹੌਲੀ ਹੌਲੀ ਘਟ ਜਾਵੇਗਾ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਭਾਰੀ ਬੱਚਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ੳਂੁਝ ਜਿਲ੍ਹੇ ਵਿੱਚ ਇਸ ਵਾਰ 1ਲੱਖ 45 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇਂ ਦੀ ਬਿਜਾਈ ਹੋਣ ਦਾ ਅਨੁਮਾਨ ਹੈ ਅਤੇ ਕਿਸਾਨਾਂ ਨੇ ਨਰਮੇਂ ਦੀ ਬਿਜਾਈ ਦਾ ਕੰਮ 90 ਫੀਸਦੀ ਪੂਰਾ ਕਰ ਲਿਆ ਹੈ। ਫਸਲ ਦਾ ਪੂਰਾ ਝਾੜ ਲੈਣ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।