ਮਾਛੀਵਾੜਾ ਸਾਹਿਬ, 5 ਅਗਸਤ (ਕਰਮਜੀਤ ਸਿੰਘ ਆਜ਼ਾਦ)-ਰੇਤੇ ਨੂੰ ਲੈ ਕੇ ਰੇਤ ਠੇਕੇਦਾਰ ਦੇ ਕਰਿੰਦਿਆਂ ਅਤੇ ਪਿੰਡ ਧੁੱਲੇਵਾਲ ਦੇ ਚਾਰ ਵਿਅਕਤੀਆਂ ਵੱਲੋਂ ਹੋਏ ਟਕਰਾਅ ਤੋਂ ਬਾਅਦ ਹਮਲੇ ਤੋਂ ਡਰਦਿਆਂ ਮਾਛੀਵਾੜਾ ਰੋਪੜ ਰੋਡ ਦੇ ਨਿਵਾਸੀ ਗੁਰਜੀਤ ਸਿੰਘ ਵੱਲੋਂ ਸਤਲੁਜ ਦਰਿਆ ਵਿਚ ਰੁੜ ਜਾਣ ਕਾਰਨ ਉਸਦਾ ਕੋਈ ਸੁਰਾਗ ਨਾ ਲੱਗਣ ਤੇ ਰੋਹ ਵਿਚ ਆਏ ਉਸਦੇ ਮਾਪਿਆਂ ਤੇ ਰੋਪੜ ਰੋਡ ਤੇ ਨਿਵਾਸੀਆਂ ਨੇ ਪੁਲਸ ਖਿਲਾਫ਼ ਪ੍ਰਦਰਸ਼ਨ ਕੀਤਾ ਤੇ ਸਥਾਨਕ ਗਨੀ ਖਾਂ ਨਬੀ ਖਾਂ ਗੇਟ ਨੇੜੇ ਚੱਕਾ ਜਾਮ ਕਰ ਨਾਅਰੇਬਾਜੀ ਕੀਤੀ।

ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਮੁਹੱਲੇ ਦੇ ਲਾਪਤਾ ਹੋਏ ਨੌਜਵਾਨ ਗੁਰਜੀਤ ਸਿੰਘ ਦਾ ਸੁਰਾਗ ਲਗਾਉਣ ਲਈ ਪੁਲਸ ਤੇਜੀ ਨਾਲ ਕਾਰਵਾਈ ਕਰੇ। ਉਹ ਇਹ ਵੀ ਮੰਗ ਕਰ ਰਹੇ ਸਨ ਕਿ 29 ਜੁਲਾਈ ਦਾ ਲਾਪਤਾ ਹੋਇਆ ਨੌਜਵਾਨ ਗੁਰਜੀਤ ਸਿੰਘ ਦੇ ਸਬੰਧੀ ਜੋ ਵੀ ਦੋਸ਼ੀ ਹਨ ਉਨ੍ਹਾਂ ਖਿਲਾਫ਼ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੇਨ ਚੌਂਕ ਨੇੜੇ ਆਵਾਜਾਈ ਠੱਪ ਹੋਣ ਕਾਰਨ ਸਮਰਾਲਾ ਦੇ ਡੀ.ਐਸ.ਪੀ. ਜਗਵਿੰਦਰ ਸਿੰਘ ਚੀਮਾ ਤੇ ਥਾਣਾ ਮੁਖੀ ਹਰਜਿੰਦਰ ਸਿੰਘ ਬੈਨੀਪਾਲ ਮੌਕੇ ਤੇ ਪਹੁੰਚੇ ਤੇ ਉਨਾਂ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਭਾਰੀ ਗਿਣਤੀ ਵਿਚ ਔਰਤਾਂ ਤੇ ਵਿਅਕਤੀਆਂ ਨੂੰ ਭਰੋਸਾ ਦਿੱਤਾ ਕਿ ਪੁਲਸ ਇਸ ਮਾਮਲੇ ਵਿਚ ਪੂਰੀ ਸਖ਼ਤੀ ਵਰਤੇਗੀ ਜਿਸ ਸਬੰਧੀ ਉਨਾਂ ਧੁੱਲੇਵਾਲ ਦੇ 4 ਵਿਅਕਤੀਆਂ ਖਿਲਾਫ਼ ਪਰਚਾ ਵੀ ਦਰਜ ਕਰ ਲਿਆ ਗਿਆ ਹੈ ਤੇ ਉਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਅਨੁਸਾਰ ਲਾਪਤਾ ਨੌਜਵਾਨ ਗੁਰਜੀਤ ਸਿੰਘ ਦੀ ਤਲਾਸ਼ ਲਈ ਗੋਤਾਖੋਰਾਂ ਦੀ ਮੱਦਦ ਵੀ ਲਈ ਪਰ ਦਰਿਆ ਵਿਚੋਂ ਕੋਈ ਸੁਰਾਗ ਨਾ ਲੱਗਿਆ। ਕਰੀਬ 2 ਘੰਟੇ ਚੱਕਾ ਜਾਮ ਤੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਸ ਦੇ ਭਰੋਸੇ ‘ਤੇ ਪ੍ਰਦਰਸ਼ਨਕਾਰੀਆਂ ਨੇ ਜਾਮ ਖੋਲ੍ਹਿਆ ਤੇ ਪੁਲਸ ਨੇ ਆਵਾਜਾਈ ਬਹਾਲ ਕੀਤੀ।