ਸ੍ਰੀ ਅਨੰਦਪੁਰ ਸਾਹਿਬ, 27 ਮਈ (ਦਵਿੰਦਰਪਾਲ ਸਿੰਘ)- ਬਾਪੂ ਸੂਰਤ ਸਿੰਘ ਖਾਲਸਾ ਦੇ ਹੱਕ ਵਿਚ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਵੱਖ-ਵੱਖ ਜਥੇਬੰਦੀਆਂ ਦੇ ਮੁਖੀਆਂ ਅਤੇ ਮੈਂਬਰਾਂ ਨੇ ਜੈਕਾਰਿਆਂ ਦੀ ਗੁੰਜ ਵਿਚ ਰੋਸ ਮਾਰਚ ਵਿਚ ਸ਼ਮੂੁਲੀਅਤ ਕੀਤੀ। ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਲ ਖਾਲਸਾ ਦੇ ਭਾਈ ਮਨਜਿੰਦਰ ਸਿੰਘ, ਯੂਨਾਇਟਡ ਅਕਾਲੀ ਦੱਲ ਦੇ ਗੁਰਨਾਮ ਸਿੰਘ ਸਿੱਧੂ, ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ, ਆਦਿ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਿੱਖਾਂ ਨਾਲ ਸ਼ਰੇਆਮ ਧੱਕਾ ਤੇ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਸਜਾਵਾਂ ਖਤਮ ਹੋਣ ਦੇ ਬਾਵਜੂਦ ਅਜੇ ਵੀ ਸਿੱਖਾਂ ਨੂੰ ਜੇਲਾਂ ਵਿਚ ਰਖਿਆ ਹੋਇਆ ਹੈ ਜੋ ਕਿ ਅਜਾਦ ਭਾਰਤ ਵਿਚ ਦੋ ਕਨੂੰਨ ਹੋਣ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਂਵੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ
ਆਪਣੇ ਆਪ ਨੂੰ ਪੰਥਕ ਕਹਾਉਂਦੀ ਹੈ ਪਰ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਪੰਥਕ ਕਹਾਊਂਦੀ ਸਰਕਾਰ ਸਿੱਖ ਮਸਲਿਆਂ ਤੋ ਭੱਜ ਰਹੀ ਹੈ ਤੇ ਸਰਕਾਰ ਸਿੱਖਾਂ ਨੂੰ ਹੀ ਜਲੀਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀ ਉਨ੍ਹਾਂ ਵਲੋਂ ਵਿੱਢੇ ਸੰਘਰਸ਼ ਦੀ ਹਿਮਾਇਤ ਕਰਦਿਆਂ ਵਿਸ਼ਾਲ ਰੋਸ ਮਾਰਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋ ਬਾਪੂ ਸੂਰਤ ਸਿੰਘ ਖਾਲਸਾ ਦੇ ਪਿੰਡ ਹਸਨਪੁਰ ਤੱਕ ਲਿਜਾ ਰਹੇ ਹਾਂ। ਇਸ ਤੋ ਪਹਿਲਾਂ 29 ਅਪ੍ਰੈਲ ਨੂੰ ਤਖਤ ਸ਼੍ਰ੍ਰੀ ਦਮਦਮਾ ਸਾਹਿਬ ਤੋ ਵੀ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਸੀ ਤੇ ਅੱਜ ਦੂਸਰਾ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 31 ਮਈ ਨੂੰ 12 ਤੋ 2 ਵਜੇ ਤੱਕ ਦਿੱਲੀ-ਅਮਿੰ੍ਰਤਸਰ ਰੇਲ ਸੇਵਾ ਠੱਪ ਕੀਤੀ ਜਾਵੇਗੀ ਤੇ ਦੋ ਘੰਟੇ ਲਈ ਰੇਲ ਆਵਾਜਾਈ ਪੂਰੀ ਤਰਾਂ ਰੋਕ ਦਿਤੀ ਜਾਵੇਗੀ। ਸੰਗਤਾਂ ਵਿਚ ਇਸ ਗੱਲ ਤੋ ਰੋਸ ਸੀ ਕਿ ਇਸ ਪੰਥਕ ਮਸਲੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਕੋਈ ਵੀ ਸਾਥ ਨਾ ਦਿਤਾ ਗਿਆ। ਇਸ ਮੋਕੇ ਭਾਈ ਰਜਿੰਦਰਪਾਲ ਸਿੰਘ, ਬਹਾਦਰ ਸਿੰਘ ਰਾਹੋਂ, ਜਸਵਿੰਦਰ ਸਿੰਘ ਬਰਾੜ, ਜਸਬੀਰ ਸਿੰਘ, ਅਮਰਜੀਤ ਸਿੰਘ, ਨਿਸ਼ਾਨ ਸਿੰਘ, ਫੌਜਾ ਸਿੰਘ, ਕੁਲਦੀਪ ਸਿੰਘ , ਭੁਪਿੰਦਰ ਸਿੰਘ ਕੋਟਲਾ, ਜਰਨੈਲ ਸਿੰਘ ਆਦਿ ਹਾਜ਼ਰ ਸਨ।