ਗੁਰਦਾਸਪੁਰ, 27 ਮਈ (ਪੀ. ਟੀ.)- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੇ ਸ਼ਸ਼ਤਰ, ਬਸਤਰ ਅਤੇ ਹੋਰ ਪਵਿੱਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿਚ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾ ਰਹੀ ਧਾਰਮਿਕ ਦਰਸ਼ਨ ਯਾਤਰਾ ਦਾ ਅੱਜ ਗੁਰਦਾਸਪੁਰ ਹਲਕੇ ‘ਚ ਪਹੁੰਚਣ ‘ਤੇ ਮੁੱਖ ਸੰਸਦੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਪਾਲਕੀ ਸਾਹਿਬ ਦੇ ਪਿੱਛੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਵਾਲੀ ਵਿਸ਼ੇਸ਼ ਬੱਸ ਅਤੇ ਸੰਗਤਾਂ ਦੀ ਅਥਾਹ ਸ਼ਰਧਾ ਕਾਰਨ ਨਗਰ ਕੀਰਤਨ ਨੁਮਾ ਇਸ ਯਾਤਰਾ ਨੇ ਗੁਰਦਾਸਪੁਰ ਸ਼ਹਿਰ ਦੇ ਪੂਰੇ
ਮਾਹੌਲ ਨੂੰ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਤਿੱਬੜੀ ਰੋਡ ‘ਤੇ ਪਿੰਡ ਭੁੱਲੇਚੱਕ, ਬੱਬੇਹਾਲੀ ਮੋੜ ਵਿਖੇ ਧਾਰਮਿਕ ਯਾਤਰਾ ਦੇ ਸਵਾਗਤ ਲਈ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿੱਚ ਸਵੇਰੇ ਤੋਂ ਹੀ ਵੱਡੀ ਗਿਣਤੀ ‘ਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਗੁਰਦਾਸਪੁਰ ਹਲਕੇ ਦੀ ਹਦੂਦ ‘ਚ ਜਿਉਂ ਹੀ ਧਾਰਮਿਕ ਯਾਤਰਾ ਦਾਖਲ ਹੋਈ ਤਾਂ ਮੁੱਖ ਪਾਰਲੀਮਾਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ, ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਅਤੇ ਹਲਕੇ ਦੀ ਸਮੂਹ ਸੰਗਤ ਵੱਲੋਂ ਧਾਰਮਿਕ ਯਾਤਰਾ ਨੂੰ ਜੀ ਅਇਆਂ ਨੂੰ ਕਿਹਾ ਗਿਆ। ਇਸ ਮੌਕੇ ਸ. ਬੱਬੇਹਾਲੀ ਨੇ ਪੰਜ ਪਿਆਰੇ ਸਾਹਿਬਾਨ ਨੂੰ ਸਿਰਪਾਓ ਪਾ ਕੇ ਸਨਮਾਨਤ ਕੀਤਾ ਅਤੇ ਪਾਲਕੀ ਸਾਹਿਬ ਨੂੰ ਮੱਥਾ ਟੇਕਣ ਦੇ ਨਾਲ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦੀਦਾਰੇ ਕੀਤੇ। ਸੰਗਤ ਵੱਲੋਂ ਪਾਲਕੀ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੂਰੇ ਰਸਤੇ ਦੀ ਸਫਾਈ ਕਰਕੇ ਅਤੇ ਥਾਂ-ਥਾਂ ਸਵਾਗਤੀ ਗੇਟ ਲਗਾ ਕੇ ਮਾਰਗ ਨੂੰ ਸਜਾਇਆ ਗਿਆ ਸੀ। ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਸੰਗਤਾਂ ‘ਚ ਬਹੁਤ ਉਤਸ਼ਾਹ ਸੀ ਅਤੇ ਹਰ ਪੜਾਅ ‘ਤੇ ਸੰਗਤਾਂ ਦਾ ਠਾਠਾਂ ਮਾਰਦਾ ਸੁਮੰਦਰ ਦਰਸ਼ਨਾਂ ਦੀ ਤਾਂਘ ਲਈ ਰਸਤੇ ‘ਚ ਖੜ੍ਹਾ ਸੀ।
ਇਸ ਮੁਬਾਰਕ ਮੌਕੇ ‘ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ. ਬੱਬੇਹਾਲੀ ਨੇ ਕਿਹਾ ਕਿ ਇਹ ਦਰਸ਼ਨ ਯਾਤਰਾ ਜੋ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਸ਼ੁਰੂ ਕੀਤੀ ਗਈ ਹੈ, ਇਸ ਨਾਲ ਸੰਗਤਾਂ ਨੂੰ ਕੌਮੀ ਇਤਿਹਾਸ ਅਤੇ ਅਮੀਰ ਵਿਰਸੇ ਦੀ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਅਹਿਜੇ ਉਪਰਾਲਿਆਂ ਸਦਕਾ ਸਾਡੀ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨਾਲ ਜੁੜੇਗੀ ਅਤੇ ਗੁਰੂ ਸਾਹਿਬ ਦੀ ਬਾਣੀ ਅਤੇ ਸਿੱਖੀ ਸਿਧਾਂਤ ਦਾ ਪ੍ਰਸਾਰ ਹੋਵੇਗਾ।ਉਨ੍ਹਾਂ ਕਿਹਾ ਕਿ ਅਸੀਂ ਵਡਭਾਗੇ ਹਾਂ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਆਪਣੇ ਇਲਾਕੇ ਵਿਚ ਹੀ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੂਨ ਮਹੀਨੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸੰਗਤਾਂ ਨੂੰ ਇਸ ਸਥਾਪਨਾ ਦਿਵਸ ਸਮਾਗਮ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਹ ਧਾਰਮਿਕ ਦਰਸ਼ਨ ਯਾਤਰਾ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਬ ਵਿਖੇ ਆਪਣੇ ਰਾਤਰੀ ਪੜਾਅ ਉਪਰੰਤ ਅੱਜ ਸਵੇਰੇ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵੱਲੋਂ ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿੱਚ ਗੁਰਦਾਸਪੁਰ ਲਈ ਰਵਾਨਾ ਹੋਈ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਪਾਲਕੀ ਸਾਹਿਬ ਨੂੰ ‘ਗਾਰਡ ਆਫ ਆਨਰ’ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਉਦਯੋਗਿਕ ਸਿਖਲਾਈ ਬੋਰਡ ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਗੁਰਦੁਆਰਾ ਘੱਲੂਘਾਰਾ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਵੱਲੋਂ ਜਗਰੂਪ ਸਿੰਘ ਸੇਖਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫਰਵਾਲ ਮੈਂਬਰ ਐੱਸ.ਜੀ.ਪੀ.ਸੀ., ਗੁਰਦੇਵ ਸਿੰਘ ਉਬੋਕੇ, ਸੁਖਰਾਜ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਏ.ਡੀ.ਸੀ. ਤਜਿੰਦਰਪਾਲ ਸਿੰਘ, ਐੱਸ.ਡੀ.ਐੱਮ. ਗੁਰਦਾਸਪੁਰ ਮਨਮੋਹਨ ਸਿੰਘ ਕੰਗ, ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਕੰਧ ਸਾਹਿਬ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਚੇਅਰਮੈਨ ਸੇਵਾ ਸਿੰਘ ਸੇਖਵਾਂ ਇਸ ਧਾਰਮਿਕ ਦਰਸ਼ਨ ਯਾਤਰਾ ਲਈ ਸਮੁੱਚੀ ਕੌਮ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਸੂਬੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਸਬੰਧੀ ਪੰਥ ਵਿਰੋਧੀ ਵੱਲੋਂ ਭਰਮ ਭੁਲੇਖੇ ਪੈਦਾ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜਿਸ ਤੋਂ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਹਿਜੇ ਅਨਸਰ ਸਿੱਖੀ ਨੂੰ ਢਾਹ ਲਗਾਉਣ ਦੀ ਤਾਂਘ ਵਿੱਚ ਹਨ ਪਰ ਉਨ੍ਹਾਂ ਦੇ ਇਹ ਮਨਸੂਬੇ ਕਦੀ ਵੀ ਕਾਮਯਾਬ ਨਹੀਂ ਹੋਣਗੇ।