ਲੁਧਿਆਣਾ, 26 ਮਈ (ਮਨਿੰਦਰਪਾਲ ਸਿੰਘ ਮਿੱਡਾ)- ਸਤਪਾਲ ਮਿੱਤਲ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਸਹਿਕਾਰਜ ਖੇਤਰਾਂ ਵਿੱਚ ਮੱਲਾਂ ਮਾਰ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਸੱਚਮੁੱਚ ਹੀ ਸ਼ਲਾਘਾਯੋਗ ਵਿਦਿਆਰਥੀ ਹਨ। ਇਸ ਇਨਾਮ ਵੰਡ ਸਮਾਗਮ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੇ ਹੌਂਸਲੇ ਬੁਲੰਦ ਕੀਤੇ ਗਏ। ਸਕੂਲ ਦੇ ਪ੍ਰਬੰਧਕੀ ਵਿਭਾਗ ਵੱਲੋਂ ਸਫਲ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਵਜ਼ੀਫੇ ਵੰਡੇ ਗਏ। ਜਿਵੇਂ ਵਿਦਿਆਰਥੀਆਂ ਨੂੰ ਬੋਰਡ ਦੀ ਪ੍ਰੀਖਿਆ ਵਿੱਚ 89.6% ਅਤੇ ਇਸ ਤੋਂ ਵਧ ਅੰਕ ਪ੍ਰਾਪਤ ਕਰਨ ਵਾਲਿਆਂ ਲਈ 10,000 ਦਾ ਵਜ਼ੀਫਾ ਪ੍ਰਦਾਨ ਕੀਤਾ ਗਿਆ ਅਤੇ 84.6% ਤੋਂ 89.5% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 5000 ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅਲਗ-ਅਲਗ ਵਿਸ਼ਿਆਂ ਵਿੱਚ 100% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 5000 ਦੀ ਨਕਦ ਰਾਸ਼ੀ
ਇਨਾਮ ਵਜੋਂ ਪ੍ਰਦਾਨ ਕੀਤੀ ਗਈ। ਪ੍ਰੋਗਰਾਮ ਦੇ ਆਗਾਜ਼ ਵਿੱਚ ਸਕੂਲ ਦੇ ਡਾਇਰੈਕਟਰ ਕਰਨਲ ਡੀਬੀ ਸ਼ਰਮਾ ਨੇ ਸਕੂਲ ਦੇ ਚੇਅਰਮੈਨ ਸ੍ਰੀ ਮਾਨ ਰਾਕੇਸ਼ ਭਾਰਤੀ ਮਿੱਤਲ ਜੀ ਤੇ ਸਕੂਲ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਸਤਪਾਲ ਮਿੱਤਲ ਜੀ ਨੇ ਆਪਣੇ ਭਾਸ਼ਣ ਦੌਰਾਨ ਇਨਾਮ ਜੇਤੂ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਇਮਾਨਦਾਰ ਨਾਗਰਿਕ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸਕੂਲ ਦੀ ਮੈਨੇਜਮੈਂਟ ਅਤੇ ਮਿਹਨਤੀ ਸਟਾਫ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ। ਬਾਰ੍ਹਵੀਂ ਜਮਾਤ ਦੀ ਜੇਤੂ ਵਿਦਿਆਰਥਣ ਦੀਖਸ਼ਾ ਸਾਮਸੁਖਾ ਨੇ ਕਿਹਾ ਕਿ ਟਿਊਸ਼ਨ ਲੈਣ ਦੀ ਥਾਂ ਜਮਾਤ ਵਿੱਚ ਸੁਚੇਤ ਰਹਿ ਕੇ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ। ਇਸ ਦੌਰਾਨ 6ਵੀਂ ਤੋਂ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਨੂੰ ਪ੍ਰਾਪਤੀਆਂ ਨੂੰ ਸਨਮਾਨਿਤ ਕਰਦੇ ਹੋਏ ਪਹਿਲੇ, ਦੂਜੇ ਤੇ ਤੀਜੇ ਦਰਜੇ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 4000, 3000 ਅਤੇ 2000 ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਸਹਿਯੋਗੀ ਪ੍ਰਤੀਯੋਗਿਤਾਵਾਂ ਵਿੱਚ ਜੇਤੂ ਬੱਚਿਆਂ ਨੂੰ 1000 ਰੁਪਏ ਦਾ ਇਨਾਮ ਦਿੱਤਾ ਗਿਆ। ਇਹ ਇਨਾਮ ਰਾਸ਼ੀ ਨਹਿਰੂ ਸਿਧਾਂਤ ਕੇਂਦਰ ਅਤੇ ਪੀ.ਐਸ.ਏ. ਦੇ ਅਮਲੇ ਵੱਲੋਂ ਨਿਵਾਜ਼ੀ ਗਈ। ਬੱਚੇ ਜਦੋਂ ਆਪਣੇ ਮਾਤਾ-ਪਿਤਾ ਨਾਲ ਮੰਚ ਤੋਂ ਇਨਾਮ ਪ੍ਰਾਪਤ ਕਰ ਰਹੇ ਸਨ ਤਾਂ ਉਹ ਨਜ਼ਾਰਾ ਦੇਖਣ ਯੋਗ ਸੀ। ਇਸੇ ਦੌਰਾਨ ਵਿਦਿਆਰਥੀਆਂ ਨੇ ਪ੍ਰਾਰਥਨਾ ਗੀਤ ਤੇ ਨਾਚ ਪੇਸ਼ ਕਰਕੇ ਰੰਗ ਬੰਨ੍ਹ ਦਿੱਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਗੋਗੀਆ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਦੀ ਮਹਾਨ ਸਫਲਤਾ ’ਤੇ ਮਾਣ ਮਹਿਸੂਸ ਕੀਤਾ। ਇਸ ਮੌਕੇ ’ਤੇ ਆਏ ਪਤਵੰਤੇ ਸੱਜਣਾਂ ਤੇ ਇਨਾਮ ਜੇਤੂ ਵਿਦਿਆਰਥੀਆਂ ਨੇ ਪ੍ਰੀਤੀ ਭੋਜਨ ਦਾ ਆਨੰਦ ਮਾਣਿਆ।