April 30, 2026 6:52 pm

ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਸੰਗਤਾਂ ਦੇ ਸੈਲਾਬ ਨੇ ਦਰਸ਼ਨ ਦੀਦਾਰ ਯਾਤਰਾ ਦਾ ਗਰਮਜੋਸ਼ੀ ਨਾਲ ਕੀਤਾ ਸਵਾਗਤ

image ਅੰਮ੍ਰਿਤਸਰ, 23 ਮਈ (ਸੁਨੀਲ ਗੁਪਤਾ, ਸੁਖਬੀਰ ਸਿੰਘ)- ਪੰਜਾਬ ਸਰਕਾਰ ਵਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਭਰ ਵਿਚ ਸੰਗਤ ਨੂੰ ਗੁਰੂ ਸਾਹਿਬਾਨ ਦੀਆ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਰਾਤ ਗੁਰਦਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਸਵੇਰੇ 9.30 ਵਜੇ ਅਗਲੇ ਪੜਾਅ ਲਈ ਰਵਾਨਾ ਹੋਈ। ਧਾਰਮਿਕ ਯਾਤਰਾ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਲਾਹੋਰੀ ਗੇਟ ਵਿਖੇ ਭਰਵਾਂ ਸਵਾਗਤ ਕੀਤਾ ਗਿਆ ਤੇ ਯਾਤਰਾ ਰਾਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਗੰਜ਼ ਵਿਖੇ ਵਿਸ਼ਰਾਮ ਕਰਨ ਉਪਰੰਤ ਕੱਲ੍ਹ 24 ਮਈ ਨੂੰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲਈ ਵਾਇਆ ਘਿਓ ਮੰਡੀ, ਚੌਕ ਹੁਸੈਨਪੁਰਾ ਮਜੀਠਾ ਰੋਡ ਰਾਹੀ ਕੱਥੂਨੰਗਲ

ਰਵਾਨਾ ਹੋਵੇਗੀ। ਬੀਤੀ ਰਾਤ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਦਾ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਪੁਹੰਚਣ ਤੋਂ ਪਹਿਲਾਂ ਖਾਸਾ ਵਿਖੇ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਵਜ਼ੀਰ ਪੰਜਾਬ ਦੀ ਅਗਵਾਈ ਵਿਚ ਵੱਡੀ ਤਦਾਦ ਵਿਚ ਸ਼ਰਧਾਲੂਆਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਧਾਰਮਿਕ ਯਾਤਰਾ ਨੂੰ ਰਵਾਨਾ ਕਰਨ ਮੌਕੇ ਵੱਡੀ ਤਦਾਦ ਵਿਚ ਸ਼ਰਧਾਲੂ, ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਹਸਤੀਆਂ ਮੌਜੂਦ ਸਨ।  ਇਲਾਕਾ ਵਾਸੀਆਂ ਦੇ ਆਪ ਮੁਹਾਰੇ ਉਮੜੀ ਜਨ ਸੈਲਾਬ ਵੱਲੋਂ ਆਕਾਸ਼ ਗੂੰਜਾਊ ਜੈਕਾਰਿਆਂ ਦੀ ਗੂੰਜ ਅਤੇ ਜ਼ਬਰਦਸਤ ਆਤਿਸ਼ਬਾਜ਼ੀ ਨਾਲ ਯਾਤਰਾ ਨੂੰ ਰਵਾਨਾ ਕੀਤਾ ਗਿਆ। ਯਾਤਰਾ ਦੀ ਆਮਦ ਨਾਲ ਪੂਰਾ ਇਲਾਕਾ ਅਤੇ ਮਾਹੌਲ ਖਾਲਸਈ ਰੰਗ ਵਿਚ ਰੰਗਿਆ ਗਿਆ। ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ , ਸੰਗਤਾਂ ਨੇ ਗੁਰੂ ਕੀਆਂ ਨਿਸ਼ਾਨੀਆਂ, ਵਸਤਾਂ ਤੇ ਸ਼ਸਤਰਾਂ ਦੇ ਵੈਰਾਗਮਈ ਦਰਸ਼ਨ ਦੀਦਾਰੇ ਕੀਤੇ, ਸੰਗਤ ਨਤਮਸਤਕ ਹੋ ਕੇ ਨਿਹਾਲ ਹੋਈ। 
ਇਸ ਮੌਕੇ …ਗਿਆਨੀ ਬਲਵਿੰਦਰ ਸਿੰਘ, ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਮਤੀ ਕਿਰਨਜੀਤ ਕੌਰ, ਬਾਬਾ ਸਿੰਘ ਗੁਮਾਨਪੁਰਾ, ਭਾਈ ਰਾਮ ਸਿੰਘ, ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਸਾਰੇ ਵਡਭਾਗੇ ਹਾਂ ਜੋ ਗੁਰੂ ਸਾਹਿਬਾਨਾਂ ਦੇ ਸਸਤਰਾਂ ਦੇ ਦੀਦਾਰ ਕਰ ਰਹੇ ਹਾਂ। ਉਨਾਂ ਕਿਹਾ ਕਿ ਪੰਜਾਬ ਭਰ ਵਿਚ ਗੁਰੂ ਸਾਹਿਬਾਨਾਂ ਦੇ ਦਰਸ਼ਨ ਦੀਦਾਰ ਕਰਵਾਏ ਜਾ ਰਹੇ ਹਨ , ਜੋ ਕਿ ਬਹੁਤ ਹੀ ਸ਼ਲਾਘਾਯੋਗ  ਉਪਰਾਲਾ ਹੈ। ਗੁਰੂ ਸਾਹਿਬਾਨਾਂ ਦੇ ਸਸ਼ਤਰਾਂ ਦੇ ਦਰਸ਼ਨ ਦੀਦਾਰੇ ਦੇ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਤੇ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਅਜਿਹੇ ਉਪਰਾਲਿਆਂ ਮੌਕੇ ਨੌਜਵਾਨ ਪੀੜੀ ’ਚ ਪਾਇਆ ਜਾ ਰਿਹਾ ਉਤਸ਼ਾਹ ਤੇ ਜੋਸ਼ ਇਹ ਸਾਬਤ ਕਰਦਾ ਹੈ ਕਿ ਉਹਨਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਈ ਗਈ ਸਰਬ-ਸਾਂਝੀਵਾਲਤਾ, ਗੁਰੂ ਸਾਹਿਬਾਨ ਅਤੇ ਮਹਾਨ ਸ਼ਹੀਦਾਂ ਵੱਲੋਂ ਹੱਕ ਸੱਚ ਖ਼ਾਤਰ ਕੀਤੀਆਂ ਗਈਆਂ ਲਾ ਮਿਸਾਲ ਕੁਰਬਾਨੀਆਂ ਦੇ ਇਤਿਹਾਸਕ ਵਿਰਸੇ ‘ਤੇ ਪੂਰਾ ਮਾਣ ਹੈ।
ਉਨਾਂ ਕਿਹਾ ਕਿ ਕੜਕਦੀ ਧੁੱਪ ਵਿਚ ਖਲੋ ਕੇ ਦਰਸ਼ਨ ਦੀਦਾਰੇ ਲਈ ਉਡੀਕਵਾਨ ਹੋਣਾ ਗੁਰੂਆਂ ਪ੍ਰਤੀ ਪਿਆਰ ਸਤਿਕਾਰ ਨੂੰ ਦਰਸਾਉਦਾ ਹੈ।  ਇਸ ਦੌਰਾਨ ਸ਼ਰਧਾਲੂਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਯਾਤਰਾ ’ਤੇ ਥਾਂ ਥਾਂ ਠੰਡੇ ਮਿੱਠੇ ਪਾਣੀਆਂ ਦੀਆਂ ਛਬੀਲਾਂ ਲਗਾਈਆਂ ਗਈਆਂ, ਚਾਹ ਅਤੇ ਲੰਗਰ ਅਟੁੱਟ ਵਰਤਾਇਆ ਗਿਆ। ਪੂਰੇ ਰਸਤੇ ਦੌਰਾਨ ਸ਼ਰਧਾਲੂ ਸੰਗਤਾਂ ਵੱਲੋਂ ਗੁਰਬਾਣੀ ਅਤੇ ਗੁਰੂ ਜਸ ਦਾ ਅਟੁੱਟ ਪ੍ਰਵਾਹ ਚਲਾਇਆ ਗਿਆ।
ਇਸ ਮੌਕੇ ਸਰਵ ਸ੍ਰੀ ਮਨਜੀਤ ਸਿੰਘ ਸਕੱਤਰ, ਦਿਲਬਾਗ ਸਿੰਘ ਵਡਾਲੀ, ਓਮ ਪ੍ਰਕਾਸ਼ ਗੱਬਰ, ਸਵਿੰਦਰ ਸਿੰਘ ਕੋਟ ਖਾਲਸਾ, ਜਗਤਾਰ ਸਿੰਘ ਮੈਨੇਜਰ, ਸਤਨਾਮ ਸਿੰਘ , ਭੁਪਿੰਦਰ ਸਿੰਘ,  ਨਿਹੰਗ ਜਥੇਬੰਦੀਆਂ, ਸੰਤਾਂ ਮਹਾਂਪੁਰਖ, ਇਲਾਕੇ ਦੇ ਧਾਰਮਿਕ ਤੇ ਰਾਜਨੀਤਕ ਨੇਤਾਵਾਂ ਅਤੇ ਵੱਡੀ ਗਿਣਤੀ ਵਿਚ ਮੌਜੂਦ ਸਾਧ ਸੰਗਤ ਹਾਜ਼ਰ ਸੀ।

Send this to a friend