ਤਰਨਤਾਰਨ, 18 ਮਈ (ਪੀ. ਟੀ.)- ਤਿੰਨ ਗੁਰੂ ਸਾਹਿਬਾਨਾਂ ਨਾਲ ਸੰਬੰਧਤ ਪਵਿੱਤਰ ਨਿਸ਼ਾਨੀਆਂ ਦੀ ਦਰਸ਼ਨ ਦੀਦਾਰ ਯਾਤਰਾ 6 ਮਈ ਨੂੰ ਗੁਰਦੁਆਰਾ ਸ੍ਰੀ ਦੁਖਨਿਵਾਰਨ ਪਟਿਆਲਾ ਤੋਂ ਆਰੰਭ ਹੋ ਕੇ ਮਾਲਵੇ ਧਰਤੀ ਤਲਵੰਡੀ ਸਾਬੋ, ਕੋਟਕਪੁਰਾ, ਫਿਰੋਜ਼ਪੁਰ, ਮੋਗਾ, ਜੀਰਾ ਤੋਂ ਹੁੰਦੀ ਹੋਈ ਬੀਤੀ ਰਾਤ ਮਾਝੇ ਦੇ ਕਸਬਾ ਹਰੀਕੇ ਪੱਤਣ ਵਿਖੇ ਪਹੁੰਚੀ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿਖੇ ਆਕਾਸ਼ ਗੁੰਜਾਊ ਜੈਕਾਰਿਆਂ ਦੀ ਗੂੰਜ ਵਿਚ ਯਾਤਰਾ ਦਾ ਸਵਾਗਤ ਕੀਤਾ। ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ, ਹਰੀਕੇ ਵਿਖੇ ਰਾਤ ਵਿਸ਼ਰਾਮ ਕਰਨ ਉਪਰੰਤ ਅੱਜ ਸਵੇਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ, ਜਥੇਦਾਰ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ), ਬਾਬਾ ਬਿਧੀਚੰਦ ਸੰਪਰਦਾਇ ਦੇ 12ਵੇਂ ਮੁਖੀ ਬਾਬਾ ਅਵਤਾਰ ਸਿੰਘ ਜੀ, ਬਾਬਾ
ਗੁਰਬਚਨ ਸਿੰਘ ਜੀ, ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ, ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ੍ਰੀ ਮਨਮੋਹਨ ਕੁਮਾਰ ਸ਼ਰਮਾ ਐੱਸ.ਐੱਸ.ਪੀ., ਸ. ਬਖਤਾਵਰ ਸਿੰਘ ਏ.ਡੀ.ਸੀ., ਡੀ.ਟੀ.ਓ. ਸ. ਅੰਗਰੇਜ ਸਿੰਘ ਹੁੰਦਲ, ਸ. ਅਲਵਿੰਦਰਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ. ਗੁਰਬਚਨ ਸਿੰਘ ਕਰਮੂੰਵਾਲਾ ਕਾਰਜਕਾਰੀ ਮੈਂਬਰ ਐੱਸ.ਜੀ.ਪੀ.ਸੀ., ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਭਲਾਈਪੁਰ, ਸ. ਬਲਵਿੰਦਰ ਸਿੰਘ, ਬਾਬਾ ਅਵਤਾਰ ਸਿੰਘ ਘਰਿਆਲਾ ਸਾਰੇ ਐੱਸ.ਜੀ.ਪੀ.ਸੀ. ਮੈਂਬਰ, ਸ. ਅਜੇਪਾਲ ਸਿੰਘ ਮੀਰਾਕੋਟ ਚੇਅਰਮੈਨ ਪਨਸਪ ਨਿਹੰਗ ਜਥੇਬੰਦੀਆਂ, ਸੰਤਾਂ ਮਹਾਂਪੁਰਖ, ਇਲਾਕੇ ਦੇ ਧਾਰਮਿਕ ਤੇ ਰਾਜਨੀਤਕ ਨੇਤਾਵਾਂ ਅਤੇ ਵੱਡੀ ਗਿਣਤੀ ਵਿਚ ਮੌਜੂਦ ਸਾਧ ਸੰਗਤ ਦੀ ਹਾਜਰੀ ਵਿਚ ਧਾਰਮਿਕ ਯਾਤਰਾ ਨੂੰ ਕਸਬਾ ਹਰੀਕੇ ਪੱਤਣ ਤੋਂ ਹਰੀਕੇ ਪੱਤਣ ਲਈ ਰਵਾਨਾ ਕੀਤਾ ਗਿਆ।
ਅੱਜ ਸਵੇਰੇ ਕਰੀਬ 10.30 ਵਜੇ ਜਥੇਦਾਰ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਵੱਲੋਂ ਅਰਦਾਸ ਕਰਨ ਉਪਰੰਤ ਧਾਰਮਿਕ ਯਾਤਰਾ ਪੱਟੀ ਲਈ ਰਵਾਨਾ ਕੀਤੀ ਗਈ। ਇਸ ਮੌਕੇ ’ਤੇ ਵੱਡੀ ਤਾਦਾਤ ਵਿਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅਸੀਂ ਸਾਰੇ ਵਡਭਾਗੇ ਹਾਂ ਜੋ ਸਾਨੂੰ ਗੁਰੂ ਸਾਹਿਬਾਨਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਰਾਹੀਂ ਸਾਡੀ ਅਜੌਕੀ ਪੀੜੀ ਨੂੰ ਪੁਰਾਤਣ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਨਾਲ ਜੋੜਣ ਲਈ ਪੰਜਾਬ ਸਰਕਾਰ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀਆ ਉਪਰਾਲਾ ਹੈ ਅਤੇ ਇਤਿਹਾਸਕ ਨਿਸ਼ਾਨੀਆਂ ਦੀ ਇਹ ਯਾਤਰਾ ਨਾਲ ਪੰਜਾਬ ਦੇ ਲੋਕਾਂ ਅਤੇ ਖਾਸ ਤੌਰ ’ਤੇ ਨੌਜਵਾਨਾਂ ਨੂੰ ਗੁਰੂ ਸਾਹਿਬਾਨ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਆਪਣੇ ਮਨਾਂ ਵਿਚ ਹਮੇਸ਼ਾ ਤਾਜਾ ਰੱਖਣ ਲਈ ਪ੍ਰੇਰਨਾ ਸਰੋਤ ਹੋਣਗੀਆਂ ਅਤੇ ਨੌਜਵਾਨਾਂ ਨੂੰ ਹਮੇਸ਼ਾ ਕੌਮੀ ਜਜਬੇ ਦੀ ਭਾਵਨਾ ਉਜਾਗਰ ਕਰਨ ਲਈ ਸਹਾਈ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ 6 ਮਈ ਨੂੰ ਸ਼ੁਰੂ ਹੋਈ ਇਹ ਪਵਿੱਤਰ ਯਾਤਰਾ 18 ਜੂਨ ਨੂੰ ਇਤਿਹਾਸਕ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗੁਰੂ ਸਾਬਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨ।
ਇਸ ਮੌਕੇ ’ਤੇ ਬੋਲਦਿਆਂ ਜਥੇਦਾਰ ਗਿਆਨੀ ਮੱਲ ਸਿੰਘ ਨੇ ਕਿਹਾ ਕਿ ਇਸ ਧਾਰਮਿਕ ਦਰਸ਼ਨ ਯਾਤਰਾ ਦੌਰਾਨ ਸਾਹਿਬ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਦੀ ਪਵਿੱਤਰ 46 ਇੰਚ ਲੰਮੀ ਕਿਰਪਾਨ, 22 ਇੰਚ ਲੰਮੇ ਕੋਰੜੇ ਦੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਣਗੇ। ਇਸਤੋਂ ਇਲਾਵਾ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ 36 ਇੰਚ ਲੰਮੀ ਕਿਰਪਾਨ ਜਿਸ ਉੱਪਰ ‘ਸਤਿ ਸ੍ਰੀ ਅਕਾਲ ਗੁਰੂ ਤੇਗ ਬਹਾਦਰ’ ਉਕਰਿਆ ਹੋਇਆ ਹੈ ਦੇ ਵੀ ਦਰਸ਼ਨ ਕਰਾਏ ਜਾਣਗੇ। ਉਨਾਂ ਨੇ ਦੱਸਿਆ ਕਿ ਯਾਤਰਾ ਦੌਰਾਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਪਵਿੱਤਰ ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, ਕਿਰਪਾਨ, 26 ਇੰਚ ਲੰਮਾ ਲੋਹੇ ਦਾ ਤੀਰ, ਸਾਢੇ 3 ਇੰਚ ਲੰਮੀ ਸਿਰੀ ਸਾਹਿਬ, ਰਾਏ ਕੱਲ੍ਹਾ ਜੀ ਨੂੰ ਦਿੱਤੀ ਕਿਰਪਾਨ, ਲੱਕੜ ਦੇ ਦਸਤੇ ਵਾਲਾ 36 ਇੰਚ ਲੰਮਾ ਬਰਸ਼ਾ, ਕਿਰਪਾਨ ਅਤੇ ਦਸਮ ਪਾਤਸ਼ਾਹ ਦੇ ਪੰਜ ਤੀਰਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਾਏ ਜਾਣਗੇ।
ਇਸੇ ਦੌਰਾਨ ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯਾਤਰਾ ਦੇ ਸੁਚੱਜੇ ਪ੍ਰਬੰਧਾਂ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਕਰਮਚਾਰੀਆਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਜਗ੍ਹਾ-ਜਗ੍ਹਾ ਪੜਾਵਾਂ ’ਤੇ 7 ਕਾਰਜਕਾਰੀ ਮੈਜਿਸਟ੍ਰੇਟ, 5 ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਪੰਚਾਇਤ ਸਕੱਤਰਾਂ, ਪਟਵਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸ. ਧਾਲੀਵਾਲਨੇ ਦੱਸਿਆ ਕਿ ਯਾਤਰਾ ਦੇ ਨਾਲ ਚੱਲਣ ਵਾਲੀ ਸੰਗਤ ਦੀ ਸਹੂਲਤ ਲਈ ਦੋ ਐਂਬੂਲੈਂਸ ਅਤੇ ਡਾਕਟਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਨਾਲ-ਨਾਲ ਚੱਲਣ ਲਈ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਸਮੁੱਚੇ ਰੂਟ ’ਤੇ ਸੰਗਤ ਲਈ ਪੀਣ ਵਾਲੇ ਪਾਣੀ, ਛਾਂ, ਲੰਗਰ ਆਦਿ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਪਵਿੱਤਰ ਧਾਰਮਿਕ ਯਾਤਰਾ ਕਸਬਾ ਹਰੀਕੇ ਪੱਤਣ ਤੋਂ ਸ਼ੁਰੂ ਹੋ ਕੇ ਬੂਹ, ਕਿਰਤੋਵਾਲ, ਤੂੰਗ, ਜੋਤੀਸ਼ਾਹ, ਸੰਗਵਾਂ, ਭੱਗੂਪੁਰ, ਚੂਸਲੇਵੜ ਮੋੜ, ਠੱਕਰਪੁਰਾ ਤੋਂ ਪੱਟੀ ਪਹੁੰਚੇਗੀ। ਇਸ ਤੋਂ ਬਾਅਦ ਕੁੱਲਾ, ਮਨਿਹਾਲਾ, ਕੱਚਾ-ਪੱਕਾ, ਦਿਆਲਪੁਰਾ, ਸੰਗਵਾਂ, ਬੂੜਚੰਦ, ਸਾਂਧਰਾ, ਕਾਲੇ, ਭਿੱਖੀਵਿੰਡ ਚੌਂਕ ਤੋਂ ਹੁੰਦੀ ਹੋਈ ਪਹੂਵਿੰਡ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਵਿਖੇ ਰਾਤ ਨੂੰ ਪਹੁੰਚੇਗੀ।
ਦਰਸ਼ਨੀ ਯਾਤਰਾ 18 ਮਈ ਦੀ ਰਾਤ ਪਹੂਵਿੰਡ ਵਿਖੇ ਵਿਸ਼ਰਾਮ ਕਰਨ ਉਪਰੰਤ 19 ਮਈ ਨੂੰ ਸਵੇਰੇ ਅਗਲੇ ਪੜਾਅ ਭਿੱਖੀਵਿੰਡ, ਸਿੰਘਪੁਰਾ, ਸੁਰਸਿੰਘ, ਛਿਛਰੇਵਾਲ, ਗੱਗੋਬੂਹਾ, ਪੰਜਵੜ੍ਹ ਤੋਂ ਹੁੰਦੀ ਹੋਈ ਝਬਾਲ ਵਿਖੇ ਪਹੁੰਚੇਗੀ। ਇਸ ਉਪਰੰਤ ਝਬਾਲ ਤੋਂ ਚੱਲਦੇ ਹੋਏ ਕੋਟ ਧਰਮ ਚੰਦ, ਨੂਰਦੀ, ਗੁਰਦੁਆਰਾ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਝਬਾਲ-ਅੰਮ੍ਰਿਤਸਰ ਬਾਈਪਾਸ ਤਰਨਤਾਰਨ ਤੋਂ ਹੁੰਦੀ ਹੋਈ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਸਰਾਂ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਤਰਨਤਾਰਨ ਵਿਖੇ ਪਹੁੰਚੇਗੀ। 19 ਮਈ ਨੂੰ ਤਰਨਤਾਰਨ ਵਿਖੇ ਵਿਸ਼ਰਾਮ ਕਰਨ ਉਪਰੰਤ ਯਾਤਰਾ 20 ਮਈ ਦੀ ਸਵੇਰ ਤਰਨਤਾਰਨ ਤੋਂ ਸ਼ੁਰੂ ਹੋ ਕੇ ਪਿੰਡ ਬਚੜੇ, ਸੰਘੇ, ਨੌਰੰਗਾਬਾਦ, ਰੈਸ਼ੀਆਣਾ, ਸ਼ੇਖਚੱਕ, ਵੇਈਪੁਈ ਮੋੜ ਤੋਂ ਹੁੰਦੀ ਹੋਈ ਖਡੂਰ ਸਾਹਿਬ ਵਿਖੇ ਪਹੁੰਚੇਗੀ। ਖਡੂਰ ਸਾਹਿਬ ਤੋਂ ਇਹ ਯਾਤਰਾ ਨਾਗੋਕੇ ਮੋੜ, ਕੋਟਲੀ ਸਰੂ ਖਾਂ, ਢੋਟਾ, ਸਰਲੀ, ਤਖਤੂਚੱਕ, ਏਕਲਗੱਡਾ ਤੋਂ ਹੁੰਦੀ ਅਗਲੇ ਪੜਾਅ ਲਈ ਰਵਾਨਾ ਹੋ ਜਾਵੇਗੀ।