April 29, 2026 9:24 pm

ਮੰਡੀਆਂ ਵਿੱਚ ਵਿਹਲੇ ਬੈਠ ਕੇ ਬੋਰੀਆਂ ਦੀ ਰਾਖੀ ਕਰਨੀ ਪੈ ਰਹੀ ਹੈ : ਗੱਲਾ ਮਜ਼ਦੂਰ

ਬਠਿੰਡਾ, 18 ਮਈ (ਅਮਰਜੀਤ ਸਿੰਘ ਸਿੱਧੂ)- ਬਠਿੰਡਾ ਇਲਾਕੇ ਦੀਆਂ ਮੰਡੀਆਂ ਵਿੱਚ  ਵਿਕੀ ਹੋਈ ਕਣਕ ਦੀ ਢੋਆ-ਢੁਆਈ ਦਾ ਕੰਮ ਬੇ-ਹੱਦ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ,ਜਿਸ ਨੇ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਵਿਹਲੇ ਬੈਠ ਕੇ ਬੋਰੀਆਂ ਦੀ ਰਾਖੀ ਕਰਨੀ ਪੈ ਰਹੀ ਹੈ।ਗੱਲਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਦਰਜਨਾਂ ਮਜ਼ਦੂਰਾਂ ਨੇ ਢੋਆ-ਢੁਆਈ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਨਥਾਣਾ ਦੀ ਦਾਣਾ ਮੰਡੀ ਵਿੱਚ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਵੀ ਕੀਤਾ।ਇਸ ਮੌਕੇ ਨਥਾਣਾ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵੀਰੂ ਸਿੰਘ, ਆਗੂ ਦੀਪਾ ਸਿੰਘ,ਅਸੋਕ ਕੁਮਾਰ, ਜਗਦੀਸ਼ ਰਾਮ, ਲਾਲਾ ਰਾਮ, ਬਬਲੂ, ਬਲਜੀਤ ਆਦਿ ਆਗੂਆਂ ਨੇ ਦੱਸਿਆ ਕਿ ਨਥਾਣਾ ਤੋਂ ਇਲਾਵਾ ਆਸ-ਪਾਸ ਦੇ ਖਰੀਦ ਕੇਂਦਰਾਂ ਵਿੱਚ ਖਰੀਦੀ ਗਈ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।ਇੰਨ੍ਹਾਂ ਬੋਰੀਆਂ ਤੇ ਬਾਰਸ਼ ਪੈ ਜਾਣ ਕਰਕੇ ਕਣਕ ਗਿੱਲੀ ਹੋ ਗਈ ਸੀ ਤਾਂ ਗੱਲਾ ਮਜ਼ਦੂਰਾਂ ਨੇ ਇੰਨ੍ਹਾਂ ਬੋਰੀਆਂ ਨੂੰ ਚੱੁਕ ਕੇ ਤਾਘਾਂ ਲਗਾ ਦਿੱਤੀ ਹਨ।ਉਨ੍ਹਾਂ ਕਿਹਾ ਕਿ ਉਹ ਨਾਇਬ ਤਹਿਸੀਲਦਾਰ ਨਥਾਣਾ ਨੂੰ ਵੀ ਇਸ ਮਸਲੇ ਬਾਰੇ ਮਿਲ ਚੁੱਕੇ ਹਨ ਪਰ ਕੋਈ ਵੀ ਠੋਸ ਹੱਲ ਨਹੀਂ ਹੋ ਸਕਿਆ।ਉਨ੍ਹਾਂ ਕਿਹਾ ਕਿ ਜੇਕਰ ਮੰਡੀ ਵਿੱਚ ਦਸ ਟਰੱਕ ਆ ਵੀ ਜਾਂਦੇ ਹਨ ਤਾਂ ਉਨ੍ਹਾਂ ਵਿੱਚੋਂ ਪੰਜ ਟਰੱਕ ਵਾਪਸ ਆ ਜਾਂਦੇ ਹਨ ਕਿ ਕਣਕ ਗਿੱਲੀ ਹੈ ।ਇਸ ਕਾਰਨ ਮਜ਼ਦੂਰਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ।ਮਜ਼ਦੂਰਾਂ ਅਨੁਸਾਰ ਨਥਾਣਾ ਬਲਾਕ ਦੇ ਖਰੀਦ ਕੇਂਦਰਾਂ ਵਿੱਚ ਕੋਈ ਇੱਕ ਲੱਖ ਬੋਰੀ ਖੁਲ੍ਹੇ ਅਸਮਾਨ ਹੇਠ ਪਈ ਹੈ।ਗੱਲਾ ਮਜ਼ਦੂਰ ਯੂਨੀਅਨ ਨੇ ਡਿਪਟੀ ਕਮਿਸ਼ਨ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ ਕੀਤਾ ਜਾਵੇ।ਇਸ ਦੇ ਸਬੰਧਤ ਨਥਾਣਾ ਖਰੀਦ ਕੇਂਦਰ ਦੇ ਇੰਸਪੈਕਟਰ ਦਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾ ਢੋਆ-ਢੁਆਈ ਕੰਮ ਹੀ ਕਾਫੀ ਪਛੜ ਕੇ ਚੱਲਿਆ ਤੇ ਬਆਦ ਵਿੱਚ ਬਾਰਸ ਨਾਲ ਕਣਕ ਭਿੱਜਣ ਕਰਕੇ ਇਸ ਦੀ ਚੁਕਾਈ ਕੰਮ ਠੰਡਾਂ ਰਿਹਾ ਹੈ।ਉਨ੍ਹਾਂ ਕਿਹਾ ਸਾਨੂੰ ਤਾਂ ਆਪ ਜਲਦੀ ਹੈ ਕਿ ਸਾਡੀ ਖਰੀਦੀ ਹੋਈ ਕਣਕ ਦੀ ਛੇਤੀ ਤੋਂ ਛੇਤੀ ਸੰਭਾਲ ਹੋਵੇ ਤੇ ਸਾਡੀ ਪ੍ਰੇਸ਼ਾਨੀ ਵੀ ਖਤਮ ਹੋਵੇ।

Send this to a friend