ਨਾਭਾ, 13 ਮਈ (ਕਰਮਜੀਤ ਸੋਮਲ)- ਨਵੀਂ ਅਨਾਜ ਮੰਡੀ ਵਿਖੇ ਰਾਤ 9 ਅਤੇ 10 ਵਜੇ ਦੇ ਦਰਮਿਆਨ ਦੋ ਵਿਅਕਤੀਆਂ ਵੱਲੋਂ ਇੱਕ ਦੁਕਾਨਦਾਰ ’ਤੇ ਫਾਇਰਿੰਗ ਕਰਦਿਆਂ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਥੇ ਮੌਜ਼ੂਦ ਦੁਕਾਨਦਾਰਾਂ ਵੱਲੋਂ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਫੜ੍ਹ ਲਿਆ ਗਿਆ ਤੇ ਉਸ ਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਪਹਿਚਾਣ ਯੋਗੇਸ਼ ਗੁਪਤਾ ਪੁੱਤਰ ਪਵਨ ਗੁਪਤਾ ਵਜੋਂ ਹੋਈ ਹੈ। ਜਿਸ ਨੂੰ ਸਿਵਲ ਹਪਸਤਾਲ ਨਾਭਾ ਦੇ ਡਾਕਟਰਾਂ ਨੇ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਯੋਗੇਸ਼ ਗੁਪਤਾ ਦੀ ਨਵੀਂ ਅਨਾਜ਼ ਮੰਡੀ ਨਾਭਾ ਦੇ ਨੇੜੇ ਤੇ ਮੁੱਖ ਸੜਕ ’ਤੇ ਕੀੜੇਮਾਰ ਦਵਾਈਆਂ ਦੀ ਦੁਕਾਨ ਹੈ। ਸ਼ਾਮ 10 ਵਜੇ ਦੇ ਕਰੀਬ ਉਹ ਆਪਣੀ ਦੁਕਾਨ ਵਿੱਚ ਮੌਜ਼ੂਦ ਸੀ ਕਿ ਅਚਾਨਕ ਮੂੰਹ ਢੱਕੇ ਦੋ ਵਿਅਕਤੀ ਉਸ ਦੀ ਦੁਕਾਨ ਅੰਦਰ ਆਏ। ਜਿਨ੍ਹਾਂ ਵਿੱਚ ਇੱਕ ਵਿਅਕਤੀ ਨੇ ਯੋਗੇਸ਼ ’ਤੇ ਫਾਇਰਿੰਗ ਕਰ ਦਿੱਤੀ। ਜਿਸ ਵਿੱਚੋਂ ਇੱਕ ਗੋਲੀ ਯੋਗੇਸ਼
ਦੀ ਖੱਬੀ ਵੱਖੀ ਵਿੱਚ ਵੱਜੀ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਨਾਭਾ ਦੇ ਐਸਐਚਓ ਸ਼੍ਰੀ ਵਿਰਕ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਪ੍ਰਧਾਨ ਹਰਪਾਲ ਸਿੰਘ ਤੇ ਉਸ ਨਾਲ ਇੱਕ ਹੋਰ ਵਿਅਕਤੀ ਯੋਗੇਸ਼ ਗੁਪਤਾ ਦੀ ਦੁਕਾਨ ’ਤੇ ਆਏ। ਜਿਨ੍ਹਾਂ ਵਿੱਚੋਂ ਹਰਪਾਲ ਸਿੰਘ ਨੇ ਫਾਇਰਿੰਗ ਕੀਤੀ। ਰੌਲਾ ਸੁਣ ਕੇ ਉਥੇ ਮੌਜ਼ੂਦ ਲੋਕਾਂ ਨੇ ਹਰਪਾਲ ਸਿੰਘ ਨੂੰ ਫੜ੍ਹ ਲਿਆ ਤੇ ਉਸ ਨੂੰ ਬੁਰੇ ਤਰ੍ਹਾਂ ਕੁੱਟਿਆ। ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਯੋਗੇਸ਼ ਗੁਪਤਾ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਮੁੱਢਲੀ ਸਹਾਇਤਾ ਦੇ ਕੇ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਹਰਪਾਲ ਸਿੰਘ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਘਟਨਾ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਪੜ੍ਹਤਾਲ ਕਰ ਰਹੀ ਹੈ।