ਪੱਖੋ ਕਲਾਂ/ਤਪਾ, 9 ਮਈ (ਇੰਦਰਜੀਤ ਸਿੰਘ)- ਸ਼ਨੀਵਾਰ ਨੂੰ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਦੀ ਅਗਵਾਈ ਵਿਚ ਮਦਰ ਡੇ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਮਦਰ ਦਿਵਸ ਬਾਰੇ ਦੱਸਦਿਆਂ ਅਧਿਆਪਕਾ ਸੁਖਮਨੀ ਕੌਰ ਨੇ ਕੁਝ ਸਤਰਾਂ ’ਮਾਂ ਬੋਲਣ ਲਈ ਭਾਵੇਂ ਹੈ ਸ਼ਬਦ ਛੋਟਾ, ਪਰ ਕਾਇਨਾਤ ਸਾਰੀ ਇਸ ਵਿਚ ਸਮੋਈ ਬੈਠੀ ਹੈ। ਉਹਨੇ ਮੰਦਰ, ਮਸਜਿਦ, ਗੁਰਦੁਆਰੇ ਜਾ ਕੇ ਕੀ ਲੈਣਾ, ਪ੍ਰਤੱਖ ਮੂਰਤ ਰੱਬ ਦੀ ਜੋ ਘਰ ਵਿਚ ਹੋਈ ਬੈਠੀ ਹੈ’ ਪੜ੍ਹਕੇ ਕੀਤੀ। ਇਸ ਮੌਕੇ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਵਿਚਕਾਰ ਅੰਤਰ ਹਾਊਸ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚੋਂ ਜਸਪ੍ਰੀਤ ਕੌਰ ਦਸਵੀਂ ਕਲਾਸ ਪਹਿਲਾ ਸਥਾਨ, ਹਰਮਨਪ੍ਰੀਤ ਦਸਵੀਂ ਕਲਾਸ ਦੂਸਰਾ ਸਥਾਨ ਅਤੇ ਹਰਮਨਦੀਪ ਕੌਰ ਬਾਰ੍ਹਵੀਂ ਕਲਾਸ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪ
ਲ ਸ: ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਦਿਵਸ ਤੇ ਸੰਸਥਾ ਦੇ 258 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸਾਲ 2014-15 ਦੌਰਾਨ ਵੱਖ ਵੱਖ ਵਿਦਿਅਕ ਮੁਕਾਬਲਿਆਂ ਵਿਚੋਂ ਮੱਲਾ ਮਾਰੀਆਂ। ਉਨ੍ਹਾਂ ਦੱਸਿਆ ਕਿ ਏ.ਡੀ.ਐਸ.ਏ.ਟੀ. ਚੰਡੀਗੜ੍ਹ ਵਲੋਂ ਕੰਪੀਟੀਸ਼ਨ ਟੈਸਟ ਲਿਆ ਗਿਆ ਸੀ ਜਿਸ ਵਿਚੋਂ 36 ਬੱਚਿਆਂ ਨੇ ਇਨਾਮ ਹਾਸਿਲ ਕੀਤਾ ਜਿਨ੍ਹਾਂ ਵਿਚੋਂ 6 ਬੱਚਿਆਂ ਨੇ ਸਕੂਲ ਟੌਪਰ ਹੋਣ ਦਾ ਸਨਮਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸਿੱਖ ਮਿਸ਼ਨਰੀ ਕਾਲਜ ਵੱਲੋਂ ਲਏ ਗਏ ਪ੍ਰੀਖਿਆ ਵਿਚੋਂ 416 ਵਿਦਿਆਰਥੀਆਂ ਵਿਚੋਂ 222 ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਇਨ੍ਹਾਂ ਵਿਚੋਂ 13 ਵਿਦਿਆਰਥੀਆਂ ਮੈਰਿਟ ਵਿਚ ਆਏ, 59 ਵਿਦਿਆਥਰੀਆਂ ਨੇ ਏ ਗਰੇਡ, 89 ਵਿਦਿਆਰਥੀਆਂ ਨੇ ਬੀ ਗਰੇਡ, 61 ਨੇ ਸੀ ਗਰੇਡ ਹਾਸਿਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸੰਸਥਾ ਦੇ ਮੈਨੇਜਿੰਗ ਟਰਸਟੀ ਸ: ਰਵਿੰਦਰਜੀਤ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਵਿਚ ਮਨੋਬਲ ਵੱਧਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਚਲ ਕੇ ਉਚ ਪੱਧਰੇ ਵਿਦਿਅਕ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਉਤਸ਼ਾਹ ਮਿਲਦਾ ਹੈ ਅਤੇ ਭਵਿੱਖ ਵਿਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਅਕ ਪੱਖ ਤੋਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਸਮੇਂ ਸਮੇਂ ਤੇ ਪ੍ਰਦਾਨ ਕਰਵਾਈ ਜਾਵੇਗੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪ ਸਭ ਇਸੇ ਤਰ੍ਹਾਂ ਵਿਦਿਆ ਦੇ ਖੇਤਰ ਵਿਚ ਸਨਮਾਨ ਹਾਸਿਲ ਕਰੋ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਨਾਲੋਂ ਸੰਸਾਰ ਵਿਚ ਹੋਰ ਕੋਈ ਵੱਡਾ ਰਿਸ਼ਤਾ ਨਹੀਂ, ਉਨ੍ਹਾਂ ਦੀ ਹਮੇਸ਼ਾ ਆਗਿਆ ਦਾ ਪਾਲਣ ਕਰੋ ਅਤੇ ਸਤਿਕਾਰ ਕਰੋ।ਇਸ ਮੌਕੇ ਸੰਸਥਾ ਦੇ ਕਮੇਟੀ ਮੈਂਬਰ ਸ੍ਰੀਮਤੀ ਕਰਮਜੀਤ ਕੌਰ, ਸੂਬੇਦਾਰ ਹਰਭਜਨ ਸਿੰਘ, ਕੁਆਰਡੀਨੇਟਰ ਬਲਵਿੰਦਰ ਕੌਰ, ਅਧਿਆਪਕ ਸਾਹਿਬਾਨ ਅਤੇ ਸਮੂਹ ਵਿਦਿਆਰਥੀ ਹਾਜ਼ਿਰ ਸਨ।