ਬਠਿੰਡਾ, 8 ਮਈ (ਅਮਰਜੀਤ ਸਿੰਘ ਸਿੱਧੂ)-ਕਿਸਾਨ-ਮਜ਼ਦੂਰ ਤੇ ਨੌਜਵਾਨ ਜਥੇਬੰਦੀਆਂ ਵੱਲੋਂ ਗਠਿਤ ਕੀਤੀ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਵੱਲੋਂ 9 ਅਤੇ 10 ਮਈ ਨੂੰ ਬਾਘਾਪੁਰਾਣਾ ਥਾਣੇ ਦੇ ਘਿਰਾਓ ਕੀਤਾ ਜਾਵੇਗਾ ਤੇ ਪੰਜਾਬ ਦੇ ਵੱਖ ਵੱਖ ਪਿੰਡਾਂ ’ਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਰਨਾਂ ਦਾ ਸਿਲਸਿਲਾ ਜਾਰੀ ਹੈ। ਅੱਜ ਵੀ ਪੰਜਾਬ ਦੇ ਲਗਭਗ 10 ਪਿੰਡਾਂ ’ਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਗਟਾਇਆ ਗਿਆ। ਬੀ. ਕੇ. ਯੂ. (ਏਕਤਾ) ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਨੌਜਵਾਨ ਭਾਰਤ ਸਭਾ ਦੇ ਜਥੇਬੰਦਕ ਸਕੱਤਰ ਪਾਵੇਲ ਨੇ ਕਿਹਾ ਕਿ ਥਾਣੇ ਦਾ ਘਿਰਾਓ ਕਰਕੇ ਮੰਗ ਕੀਤੀ ਜਾਵੇਗੀ ਕਿ ਅਰਸ਼ਦੀਪ ਕੌਰ ਦੀ ਬੇਪਤੀ ਤੇ ਕਤਲ ਦੇ ਦੋਸ਼ ’ਚ ਸੁਖਬੀਰ ਬਾਦਲ ਸਮੇਤ ਔਰਬਿਟ ਦੇ ਸਭਨਾਂ ਮਾਲਕਾਂ ’ਤੇ ਕੇਸ ਦਰਜ ਕੀਤਾ ਜਾਵੇ, ਔਰਬਿਟ ਬੱਸ ਦੇ ਰੂਟ ਪਰਮਿਟ
ਰੱਦ ਕਰਕੇ ਸਮੁੱਚੀ ਕੰਪਨੀ ਨੂੰ ਸਰਕਾਰੀ ਹੱਥਾਂ ’ਚ ਲਿਆ ਜਾਵੇ, ਨਿੱਜੀ ਬੱਸਾਂ ਤੇ ਬੱਸ ਅੱਡਿਆਂ ’ਚ ਹੈਲਪਰਾਂ ਦੇ ਨਾਮ ’ਤੇ ਗੁੰਡਾ ਗਰੋਹ ਭਰਤੀ ਕਰਨ ’ਤੇ ਪਾਬੰਦੀ ਲਾਈ ਜਾਵੇ, ਟਰਾਂਸਪੋਰਟ ਖੇਤਰ ਦੇ ਨਿੱਜੀਕਰਨ ਦੀ ਨੀਤੀ ਰੱਦ ਕਰਕੇ ਸਰਕਾਰੀਕਰਨ ਦਾ ਅਮਲ ਚਲਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜਿੱਥੇ ਅੱਜ ਮ੍ਰਿਤਕ ਲੜਕੀ ਦੇ ਪਿੰਡ ਲੰਡੇਕੇ ’ਚ ਉਪਰੋਕਤ ਮੰਗਾਂ ਨੂੰ ਲੈ ਕੇ ਸੈਂਕੜੇ ਮਰਦ ਔਰਤਾਂ ਵੱਲੋਂ ਰੋਹ ਭਰਪੂਰ ਰੈਲੀ ਕੀਤੀ ਗਈ। ਉਥੇ ਬਠਿੰਡਾ ਜ਼ਿਲ•ੇ ਦੇ ਪਿੰਡ ਨਥਾਣਾ, ਸੰਗਰੂਰ ਜ਼ਿਲ•ੇ ’ਚ ਚੀਮਾ, ਮੁਕਤਸਰ ’ਚ ਸਿੰਘੇਵਾਲਾ, ਖੁੱਡੀਆਂ, ਲੰਬੀ, ਲੱਖੇਵਾਲੀ, ਜਲੰਧਰ ਜ਼ਿਲ•ੇ ’ਚ ਮਲਸੀਹਾਂ, ਮਾਨਸਾ ਜ਼ਿਲ•ੇ ਦੇ ਪਿੰਡ ਰੰਘੜਿਆਲ ਤੇ ਮੋਗਾ ਜ਼ਿਲ•ੇ ਦੇ ਪਿੰਡਾਂ ਝੰਡੇਆਣਾ, ਭਾਗੀਕੇ ਤੇ ਮਾਣੂੰਕੇ ਆਦਿ ਪਿੰਡਾਂ ’ਚ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਬਾਦਲ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।
ਉਨ੍ਹਾਂ ਨੇ ਅੱਜ ਫ਼ਰੀਦਕੋਟ ’ਚ ਰੋਸ ਪ੍ਰਗਟਾ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨ ਤੇ ਗ੍ਰਿਫ਼ਤਾਰ ਕਰਨ ਅਤੇ ਇਰਾਦਾ ਕਤਲ ਵਰਗੇ ਝੂਠੇ ਕੇਸ ਦਰਜ ਕਰਨ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ ਤੇ ਕਿਹਾ ਕਿ ਸੁਖ਼ਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਰੋਸ ਪ੍ਰਗਟਾ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਸੁਖ਼ਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਭਨਾਂ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 9 ਤੇ 10 ਮਈ ਦੇ ਐਕਸ਼ਨ ’ਚ ਹੁੰਮਹੁੰਮਾ ਕੇ ਪਹੁੰਚਣ।