ਨਵੀਂ ਦਿੱਲੀ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਨਾਲ ਸਬੰਧਤ ਚੋਟੀ ਦੇ ਆਗੂਆਂ ਨੇ ਅੱਜ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨਿਵਾਸ ਵਿਖੇ ਸੰਸਦ ਦੇ ਮਾਨਸੂਨ ਸਮਾਗਮ ਵਿੱਚ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਾਰੇ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਉੱਪਰ ਸਰਕਾਰ ਦੀ ਘੇਰਨ ਦੀ ਯੋਜਨਾ ਤਿਆਰ ਕੀਤੀ ਗਈ। ਸੋਮਵਾਰ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸਮਾਗਮ ਵਿੱਚ ਖੁਰਾਕ ਸੁਰੱਖਿਆ ਬਿੱਲ, ਭੂਮੀ ਅਧਿਗ੍ਰਹਿਣ ਬਿੱਲ, ਰਿਟੇਲ ਐਫ.ਡੀ.ਆਈ. ਵਰਗੇ ਮੁੱਦਿਆਂ ਉੱਤੇ ਭਾਜਪਾ ਦਾ ਹਮਲਾਵਾਰ ਰੁੱਖ ਰਹੇਗਾ। ਇਸ ਤੋਂ ਇਲਾਵਾ ਤੇਲੰਗਾਨਾ ਦਾ ਮੁੱਦਾ ਵੀ ਉਠਾਇਆ ਜਾਵੇਗਾ। ਨਾਲ ਹੀ ਭਾਜਪਾ ਦੀ ਕੋਲਗੇਟ ਘੁਟਾਲੇ ਉੱਪਰ ਵੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਭਾਜਪਾ ਦੀ ਮੰਗ ਹੈ ਕਿ ਸੰਸਦ ਸਮਾਗਮ ਦੀ ਸ਼ੁਰੂਆਤ ਵਿੱਚ ਵੀ ਵੱਖ ਤੇਲੰਗਾਨਾ ਰਾਜ ਦੇ ਗਠਨ ਸਬੰਧੀ ਪ੍ਰਸਤਾਪ ਲਿਆਂਦਾ ਜਾਵੇ। ਪਾਰਟੀ ਨੇ ਸਮਗਾਮ ਵਿੱਚ ਉਤਰਾਖੰਡ ਵਿੱਚ ਆਈ ਕੁਦਰਤੀ ਆਪਦਾ, ਸੀ.ਬੀ.ਆਈ. ਬਨਾਮ ਆਈ.ਬੀ. ਟਕਰਾਅ, ਐਫ.ਡੀ.ਆਈ., ਰੁਪਏ ਦੀ ਕੀਮਤ ਵਿੱਚ ਗਿਰਾਵਟ ਅਤੇ ਦੇਸ਼ ਦੀ ਅਰਥਵਿਵਸਥਾ ਦੀ ਹਾਲਤ ਆਦਿ ਮੁੱਦਿਆਂ ਉੱਪਰ ਚਰਚਾ ਕਰਨ ਲਈ ਨੋਟਿਸ ਦਿੱਤੇ ਹਨ। ਮਮਤਾ ਬੇਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਵੀ ਹਮਲਾਵਰ ਤੇਵਰ ਅਪਣਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਨੂੰ ਪਹਿਲਾਂ ਇਹ ਭਰੋਸਾ ਦੇਣਾ ਹੋਵੇਗਾ ਕਿ ਤੇਲੰਗਾਨਾ ਦੇ ਬਾਅਦ ਕਿਸੇ ਹੋਰ ਨਵੇਂ ਰਾਜ ਦੇ ਗਠਨ ਉੱਪਰ ਵਿਚਾਰ ਨਹੀਂ ਹੋਵੇਗਾ। ਪਾਰਟੀ ਇਹ ਭਰੋਸਾ ਚਾਹੁੰਦੀ ਹੈ ਕਿ ਕਾਂਗਰਸ ਦੇ ਆਗੂ ਪੱਛਮੀ ਬੰਗਾ ਵਿੱਚ ਗੋਰਖਾਲੈਂਡ ਦੀ ਮੰਗ ਨੂੰ ਹਵਾ ਨਾ ਦੇਣ।