ਪਠਾਨਕੋਟ, 5 ਮਈ (ਅਜੇ ਕੁਮਾਰ)- ਪੰਜਾਬ ਪਹਿਲੇ ਹੀ ਨਸ਼ੇ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ, ਜਿਸਦੇ ਖਾਤਮੇ ਲਈ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵੱਲੋਂ ਕਾਫੀ ਯਤਨ ਕੀਤੇ ਜਾ ਰਹੇ ਹਨ। ਪਰ ਨਸ਼ੇ ਦੇ ਆਦੀ ਅਜਿਹੇ ਹਨ ਜਿਨ੍ਹਾਂ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਨਸ਼ੇ ਦੀ ਪੂਰਤੀ ਲਈ ਕੋਈ ਨਾ ਕੋਈ ਰਾਹ ਲੱਭ ਲਿਆ ਜਾਂਦਾ ਹੈ।ਜਾਣਕਾਰੀ ਦੇ ਮੁਤਾਬਿਕ ਸ਼ਹਿਰ ਪਠਾਨਕੋਟ ’ਚ ਸਨਫਿਕਸ ਟਿਊਬਾਂ ਦਾ ਨਸ਼ਾ ਵੱਡੇ ਪੱਧਰ ’ਤੇ ਵਧ-ਫੁਲ ਰਿਹਾ ਹੈ।ਪੁਲਿਸ ਵੱਲੋਂ ਕਈ ਵਾਰੀ ਛਾਪੇਮਾਰੀ ਕੀਤੀ ਗਈ। ਪ੍ਰੰਤੂ ਇਹ ਨਸ਼ਾ ਅਜੇ ਵੀ ਵਿਕਣਾ ਬੰਦ ਨਹੀਂ ਹੋਇਆ।ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸਦੀ ਚਪੇਟ ਵਿੱਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਆ ਚੁਕੇ ਹਨ।ਜਿਹੜੇ ਆਪਣੇ ਬੈਗਾਂ ਵਿੱਚ ਸਨਫਿਕਸ ਆਸਾਨੀ ਨਾਲ ਰਖ ਲੈਂਦੇ ਹਨ।ਇਹ ਸਨਫਿਕਸ ਟਿਊਬਾਂ ਆਮ ਤੌਰ ’ਤੇ ਦੁਕਾਨਾਂ ’ਤੇ ਮਿਲ ਜਾਂਦੀਆਂ ਹਨ ਜਿਸਦਾ ਫਾਇਦਾ ਨਸ਼ਾ ਕਰਨ ਵਾਲਿਆਂ ਨੂੰ ਮਿਲ ਰਿਹਾ ਹੈ।
ਇਸ ਨਸ਼ੇ ਤੋਂ ਇਲਾਵਾ ਇੰਕ ਰਿਮੂਵਰ, ਗਲੂਸਟਿਕ ਦਾ ਵੀ ਇਸਤੇਮਾਲ ਨਸ਼ੇ ਲਈ ਕੀਤਾ ਜਾ ਰਿਹਾ ਹੈ।ਇਸ ਨਸ਼ੇ ਦਾ ਕਾਰਨ ਇਹ ਵੀ ਹੈ ਕਿ ਇਹ ਸਸਤਾ ਹੈ ਅਤੇ ਆਮ ਮਿਲ ਜਾਂਦਾ ਹੈ ਅਤੇ ਹਰ ਕੋਈ ਇਸ ਨੂੰ ਖਰੀਦ ਸਕਦਾ ਹੈ।
ਇਸ ਬਾਰੇ ਡਾ. ਸੋਨੀਆ ਮਿਸ਼ਰਾ ਮਨੋਰੋਗ ਮਾਹਿਰ ਨੇ ਦੱਸਿਆ ਕਿ ਇਸ ਨਸ਼ੇ ਦੇ ਕਰਨ ਨਾਲ ਦਿਮਾਗ ਦੇ ਸੈੱਲ ਡੈਮੇਜ ਹੁੰਦੇ ਹਨ ਅਤੇ ਦਿਮਾਗ ਦਾ ਇੱਕ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਸ. ਕਪੂਰ ਸਿੰਘ (ਸਟੇਟ ਅਵਾਰਡੀ) ਸਰਕਾਰੀ ਸਕੂਲ ਲਮਿਨੀ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਨਸ਼ੇ ਵਰਗੇ ਕੋਹੜ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਸ੍ਰੀ ਪਵਨ ਕੁਮਾਰ ਜ਼ਿਲ੍ਹਾ ਸਿਖਿਆ ਅਫ਼ਸਰ (ਸੈ) ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਵੀ ਬੱਚਿਆਂ ਦੀ ਨਿਗਰਾਨੀ ਰਖਣ।