April 27, 2026 4:23 am

ਮਿਉਂਸਪਲ ਭਵਨ 15 ਅਗਸਤ ਤੱਕ ਸ਼ਹਿਰੀਆਂ ਦੇ ਸੁਪੁਰਦ ਕੀਤਾ ਜਾਵੇਗਾ : ਅਨਿਲ ਜੋਸ਼ੀ

ਚੰਡੀਗੜ੍ਹ, 3 ਮਈ (ਪੀ. ਟੀ.)- ਸੂਬੇ ਦੇ ਸ਼ਹਿਰੀਆਂ ਨੂੰ ਇਕ ਛੱਤ ਹੇਠਾਂ ਸੇਵਾਵਾਂ ਦੇਣ ਦਾ ਸੁਫਨਾ ਜਲਦ ਪੂਰਾ ਹੋਵੇਗਾ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਬਣਾਇਆ ਜਾ ਰਿਹਾ ਮਿਉਂਸਪਲ ਭਵਨ 15 ਅਗਸਤ ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਭਵਨ ਦੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ। ਸ੍ਰੀ ਜੋਸ਼ੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਤੈਅ ਸਮੇਂ ਅੰਦਰ ਮੁਕੰਮਲ ਹੋ ਜਾਵੇ। ਉਨ੍ਹਾਂ ਦੱਸਿਆ ਕਿ ਭਵਨ ਵਿੱਚ ਵਿਭਾਗ ਦੇ ਸਾਰੀਆਂ ਬਰਾਂਚਾਂ ਭਵਨ, ਡਾਇਰੈਕਟੋਰੇਟ, ਪੀ.ਐਮ.ਆਈ.ਡੀ.ਸੀ., ਟਾਊਨ ਪਲਾਨਿੰਗ, ਸੂਡਾ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਡਾਇਰੈਕਟਰ, ਸਕੱਤਰ, ਮੁੱਖ ਸੰਸਦੀ ਸਕੱਤਰ ਤੇ ਖੁਦ ਉਨ੍ਹਾਂ ਦਾ ਦਫਤਰ ਹੋਵੇਗਾ

। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ-35 ਵਿਖੇ 38 ਕਰੋੜ ਦੀ ਲਾਗਤ ਨਾਲ ਵਿਭਾਗ ਵੱਲੋਂ ਬਣਾਏ ਜਾ ਰਹੇ ਮਿਉਂਸਪਲ ਭਵਨ ਦਾ ਕੰਮ 90 ਫੀਸਦੀ ਤੋਂ ਵੱਧ ਮੁਕੰਮਲ ਹੋ ਗਿਆ ਹੈ ਅਤੇ 15 ਅਗਸਤ ਨੂੰ ਸ਼ਹਿਰੀਆਂ ਨੂੰ ਇਕ ਛੱਤ ਹੇਠਾਂ ਸਮੂਹ ਸੇਵਾਵਾਂ ਦੇਣ ਦਾ ਸੁਫਨਾ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਵਨ ਦੇ ਨਿਰਮਾਣ ਨਾਲ ਸੂਬੇ ਦੇ ਸਮੂਹ ਸ਼ਹਿਰੀਆਂ ਦੇ ਨਾਲ ਨਗਰ ਨਿਗਮਾਂ, ਕੌਂਸਲਾਂ, ਪੰਚਾਇਤਾਂ ਅਤੇ ਨਗਰ ਸੁਧਾਰ ਟਰੱਸਟਾਂ ਦੇ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਇਕੋ ਥਾਂ ਕੰਮ ਹੋ ਜਾਇਆ ਕਰਨਗੇ ਜਿਸ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਧੇਗੀ।
ਸ੍ਰੀ ਜੋਸ਼ੀ ਨੇ ਕਿਹਾ ਕਿ ਭਵਨ ਦੇ ਕੰਮ ਦੀ ਜ਼ਿੰਮੇਵਾਰੀ ਵਿਭਾਗ ਦੇ ਚੀਫ ਇੰਜਨੀਅਰ ਸ੍ਰੀ ਏ.ਕੇ.ਕਾਂਸਲ ਨੂੰ ਦਿੱਤੀ ਹੈ ਜਿਨ੍ਹਾਂ ਨੇ ਭਵਨ ਦਾ ਕੰਮ 15 ਅਗਸਤ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਭਾਗ ਦੇ ਕੰਮ ਕਾਜ ਵਿੱਚ ਤੇਜ਼ੀ ਅਤੇ ਆਪਸੀ ਤਾਲਮੇਲ ਵਧਾਉਣ ਲਈ ਮਿਉਂਸਪਲ ਭਵਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਰਾ ਭਵਨ ਵਾਤਾਨਕੂਲ (ਏ.ਸੀ.) ਹੋਵੇਗਾ ਅਤੇ ਵਿਭਾਗ ਦੇ ਈ-ਗਵਰਨੈਂਸ ਪ੍ਰਾਜੈਕਟ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਪੂਰਾ ਭਵਨ ਵਾਈ-ਫਾਈ ਸੁਵਿਧਾ ਨਾਲ ਜੁੜਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਭਵਨ ਵਿੱਚ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ 350 ਸੀਟਾਂ ਵਾਲਾ ਆਡੀਟੋਰੀਅਮ ਵੀ ਹੋਵੇਗਾ।

Send this to a friend