April 26, 2026 7:30 pm

ਇਕ ਹੋਰ ਸ਼ਰਮਨਾਕ ਘਟਨਾ

ਵਿਸ਼ੇਸ਼ ਟਿੱਪਣੀ
ਬਾਘਾ ਪੁਰਾਣਾ ਨੇੜੇ ਚਲਦੀ ਬੱਸ ’ਚੋਂ ਮਾਂ ਤੇ ਧੀ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦੇਣ ਜਾਂ ਉਨ੍ਹਾਂ ਵੱਲੋਂ ਇੱਜ਼ਤ ਬਚਾਉਣ ਲਈ ਖ਼ੁਦ ਛਾਲਾਂ ਮਾਰ ਦੇਣ ਨਾਲ ਜਿਥੇ 14 ਸਾਲਾ ਬੱਚੀ ਦੀ ਮੌਤ ਹੋ ਗਈ, ਉਥੇ ਉਸ ਦੀ ਮਾਤਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।ਇਸ ਨਾਲ ਇਕ ਵਾਰ ਫਿਰ ਪੰਜਾਬ ’ਚ ਅਮਨ-ਕਾਨੂੰਨ ਦੀ ਨਿੱਘਰਦੀ ਹਾਲਤ ਉੱਭਰ ਕੇ ਸਾਹਮਣੇ ਆਈ ਹੈ।ਲੁੱਟਾਂ-ਖੋਹਾਂ ਦੀ ਗੱਲ ਆਮ ਹੋ ਗਈ ਹੈ।ਰਾਤ-ਬਰਾਤੇ ਪਿੰਡਾਂ ਤੇ ਸ਼ਹਿਰਾਂ ਵਿਚ ਵੀ ਲੋਕਾਂ ਦਾ ਬਾਹਰ ਨਿਕਲਣਾ ਬੇਹੱਦ ਮੁਸ਼ਕਿਲ ਹੋ ਚੁੱਕਾ ਹੈ।ਇਕ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ, ਪਰ ਇਸ ਸਮੁੱਚੇ ਮਾਹੌਲ ’ਚ ਔਰਤ ਦਾ ਅਸੁਰੱਖਿਅਤ ਹੋਣਾ ਸਭ ਤੋਂ ਮਾੜੀ ਗੱਲ ਕਹੀ ਜਾ ਸਕਦੀ ਹੈ। ਜਬਰ ਜਨਾਹ ਦੀਆਂ ਖ਼ਬਰਾਂ ਆਮ ਹੋ ਚੁੱਕੀਆਂ ਹਨ।ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ ਅਜਿਹਾ ਹੀ ਵਰਤਾਰਾ ਦਿਖਾਈ ਦਿੰਦਾ ਹੈ।ਦਿੱਲੀ ’ਚ ਹੋਏ ਨਿਰਭੈ ਕੇਸ ਨੇ ਇਕ ਵਾਰ ਤਾਂ ਮੁਲਕ ਭਰ ਨੂੰ ਹਿਲਾ ਕੇ ਰੱਖ ਦਿੱਤਾ ਸੀ।ਰਾਤ ਪੈਣ ‘ਤੇ ਚਲਦੀ ਬੱਸ ’ਚ ਆਪਣੇ ਮਰਦ ਸਾਥੀ ਦੇ ਨਾਲ ਸਫ਼ਰ ਕਰਦੀ ਲੜਕੀ ਨੂੰ ਜਿਸ ਤਰ੍ਹਾਂ ਸਰੀਰਕ ਤੌਰ ’ਤੇ ਕੋਹਿਆ ਗਿਆ ਤੇ ਬਾਅਦ ‘ਚ ਉਨ੍ਹਾਂ ਨੂੰ ਚਲਦੀ ਬੱਸ ਤੋਂ ਬਾਹਰ ਸੁੱਟ ਦਿੱਤਾ ਗਿਆ, ਉਸ ਨੇ ਇਕ ਵਾਰ ਤਾਂ ਸੱਭਿਅਕ ਸਮਾਜ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਸੀ। ਦੇਸ਼ ਦੀ ਰਾਜਧਾਨੀ ’ਚ ਇਸ ਤਰ੍ਹਾਂ ਦੀ ਹੋਈ ਘਟ

ਨਾ ਜਿਸ ਤੋਂ ਕੁਝ ਦਿਨ ਬਾਅਦ ਉਕਤ ਲੜਕੀ ਦੀ ਮੌਤ ਹੋ ਗਈ ਸੀ, ਨੇ ਇਸ ਗੱਲ ਲਈ ਇਕ ਰਾਇ ਬਣਾ ਦਿੱਤੀ ਸੀ ਕਿ ਅਜਿਹੇ ਦੁਰਾਚਾਰਾਂ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਜ਼ਰੂਰੀ ਹਨ। ਬੜੀ ਲੰਮੀ ਵਿਚਾਰ-ਚਰਚਾ ਤੋਂ ਬਾਅਦ ਅਖੀਰ ਅਜਿਹੇ ਕਾਨੂੰਨ ਹੋਂਦ ’ਚ ਆ ਵੀ ਗਏ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਹੋਣ ਤੋਂ ਬਾਅਦ ਵੀ ਅਜਿਹੇ ਘਿਨਾਉਣੇ ਮਾਮਲਿਆਂ ‘ਚ ਕਮੀ ਨਹੀਂ ਆਈ। ਅੱਜ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆ ਰਹੇ ਹਨ ਕਿ ਇੱਜ਼ਤ ਦੀ ਖਾਤਰ ਲੜਕੀਆਂ ਜਾਂ ਪ੍ਰੇਮੀ ਜੋੜਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਘੱਟ ਪੜ੍ਹੇ-ਲਿਖੇ ਅਤੇ ਘੱਟ ਬੁੱਧੀ ਵਾਲੇ ਲੋਕਾਂ ਵੱਲੋਂ ਤਾਂ ਅਜਿਹੇ ਕਾਰੇ ਕੀਤੇ ਹੀ ਜਾਂਦੇ ਹਨ, ਪਰ ਗੱਲ ਉਦੋਂ ਹੋਰ ਗੰਭੀਰ ਹੋ ਜਾਂਦੀ ਹੈ ਜਦੋਂ ਵੱਡੇ ਅਧਿਕਾਰੀਆਂ ਸਬੰਧੀ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਨੇੜੇ ਇਕ 4 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਤਾਂ ਇਹ ਹੀ ਲਗਦਾ ਹੈ ਕਿ ਬਹੁਤੇ ਲੋਕਾਂ ਦੇ ਮਨਾਂ ‘ਚ ਕਾਨੂੰਨ ਪ੍ਰਤੀ ਨਾ ਤਾਂ ਕੋਈ ਡਰ-ਭੈਅ ਰਿਹਾ ਹੈ ਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਸਦਾਚਾਰਕ ਕਦਰਾਂ-ਕੀਮਤਾਂ ਦੀ ਹੀ ਪ੍ਰਵਾਹ ਕੀਤੀ ਜਾਂਦੀ ਹੈ। ਪਿਛਲੇ ਦਿਨੀਂ ਕਸ਼ਮੀਰ ‘ਚ ਚਾਰ ਦੋਸ਼ੀਆਂ ਨੂੰ 13 ਸਾਲ ਦੀ ਇਕ ਮੁਸਲਿਮ ਬੱਚੀ ਨੂੰ ਅਗਵਾ ਕਰਨ, ਉਸ ਨਾਲ ਜਬਰ ਜਨਾਹ ਕਰਨ ਤੇ ਉਸ ਦੀ ਹੱਤਿਆ ਕਰਨ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਕਾਫੀ ਸਾਲ ਪੁਰਾਣੀ ਹੈ ਜਦੋਂ ਇਹ ਬੱਚੀ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਉਸ ਸਮੇਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਨੂੰ ਲੈ ਕੇ ਲੋਕਾਂ ‘ਚ ਬੜਾ ਗੁੱਸਾ ਫੁੱਟਿਆ ਸੀ। ਅਖੀਰ ਪੁਲਿਸ ਇਨ੍ਹਾਂ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬ ਹੋਈ ਸੀ। ਇਸੇ ਤਰ੍ਹਾਂ ਹੀ ਲੜਕੀਆਂ ਉੱਪਰ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ‘ਚ ਵੀ ਵਾਧਾ ਹੋਇਆ ਹੈ। ਚਾਹੇ ਕੇਂਦਰ ਤੇ ਰਾਜ ਸਰਕਾਰਾਂ ਨੇ ਵਾਪਰਦੀਆਂ ਇਨ੍ਹਾਂ ਭਿਆਨਕ ਘਟਨਾਵਾਂ ਬਾਰੇ ਸਖ਼ਤ ਕਦਮ ਉਠਾਉਣ ਦਾ ਫ਼ੈਸਲਾ ਕੀਤਾ ਹੈ, ਪਰ ਅਜਿਹੇ ਕਦਮਾਂ ਨੂੰ ਵੀ ਕਿਸੇ ਤਰ੍ਹਾਂ ਸੰਤੁਸ਼ਟੀਜਨਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਨਾਲ ਪ੍ਰਭਾਵਿਤ ਔਰਤ ਨੂੰ ਜ਼ਿੰਦਗੀ ਭਰ ਇਕ ਡੂੰਘੇ ਸੰਤਾਪ ‘ਚੋਂ ਗੁਜ਼ਰਨਾ ਪੈਂਦਾ ਹੈ। ਇਸ ਲਈ ਸਬੰਧਤ ਦੋਸ਼ੀ ਨੂੰ ਵੀ ਉਮਰ ਭਰ ਲਈ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਉਹ ਵੀ ਅਜਿਹੇ ਸੰਤਾਪ ਦੀ ਸਜ਼ਾ ਉਮਰ ਭਰ ਭੁਗਤਦਾ ਰਹੇ।
ਹੁਣ ਮੋਗੇ ਜ਼ਿਲ੍ਹੇ ਦੀ ਉਕਤ ਘਟਨਾ ਨੇ ਇਕ ਵਾਰ ਫਿਰ ਔਰਤਾਂ ਪ੍ਰਤੀ ਮਰਦ ਦੇ ਨੀਵੀਂ ਪੱਧਰ ਦੇ ਨਜ਼ਰੀਏ ਨੂੰ ਸਾਹਮਣੇ ਲਿਆਂਦਾ ਹੈ। ਜਿਸ ਕੰਪਨੀ ਦੀ ਬੱਸ ‘ਚ ਇਹ ਘਟਨਾ ਵਾਪਰੀ ਹੈ, ਉਸ ਦਾ ਸਬੰਧ ਰਾਜ ਦੇ ਪ੍ਰਭਾਵਸ਼ਾਲੀ ਸਿਆਸੀ ਵਿਅਕਤੀਆਂ ਨਾਲ ਹੈ, ਜਿਸ ਕਾਰਨ ਸਿਆਸੀ ਪੱਧਰ ‘ਤੇ ਵੀ ਉਨ੍ਹਾਂ ਦੀ ਨਮੋਸ਼ੀ ਹੋਈ ਹੈ, ਪਰ ਇਸ ਘਟਨਾ ਨੂੰ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ, ਸਗੋਂ ਇਸ ਸਬੰਧੀ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨ ਦੇ ਕਟਹਿਰੇ ‘ਚ ਖੜ੍ਹਾ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸੂਬੇ ‘ਚ ਢਿੱਲੇ ਹੋਏ ਪ੍ਰਸ਼ਾਸਨਿਕ ਢਾਂਚੇ ਨੂੰ ਪੂਰੀ ਤਰ੍ਹਾਂ ਮੁਸਤੈਦ ਕਰਨ ਦੀ ਜ਼ਰੂਰਤ ਹੋਵੇਗੀ। ਰਾਜ ਵਿਚ ਸਖ਼ਤੀ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਇਹ ਸੰਕੇਤ ਦਿੱਤਾ ਜਾਣਾ ਚਾਹੀਦਾ ਹੈ ਕਿ ਕਾਨੂੰਨ ਦੀ ਗ੍ਰਿਫ਼ਤ ‘ਚੋਂ ਕੋਈ ਵੀ ਅਪਰਾਧੀ ਬਚ ਕੇ ਨਹੀਂ ਨਿਕਲ ਸਕਦਾ।
    (ਸੰਪਾਦਕੀ ਅਜੀਤ 1 ਮਈ 2015)

Send this to a friend