ਬਠਿੰਡਾ, 1 ਮਈ (ਇੰਦਰਜੀਤ ਨਥਾਣਾ)- 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ (ਸ਼ਸਤਰ ਅਤੇ ਵਸਤਰ) ਨੂੰ ਪਟਿਆਲਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਲੈ ਕੇ ਜਾਇਆ ਜਾਵੇਗਾ। ਇਹ ਯਾਤਰਾ 7 ਮਈ ਅਤੇ 8 ਮਈ ਨੂੰ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦੀ ਹੋਈ ਸ਼੍ਰੀ ਮੁਕਤਸਰ ਸਾਹਿਬ ਨੂੰ ਰਵਾਨਾ ਹੋਵੇਗੀ। ਇਸ ਸਬੰਧ ’ਚ ਬੁਲਾਈ ਗਈ ਇਕ ਬੈਠਕ ਨੂੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਭਾਈ ਦੇਸਾ, ਮੌੜ ਕੈਂਚੀਆਂ, ਸੰਦੋਹਾ, ਸ਼ੇਖ਼ਪੁਰਾ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਇਹ ਯਾਤਰਾ 7 ਮਈ ਨੂੰ ਪੁੱਜੇਗੀ, 8 ਮਈ ਨੂੰ ਇਹ ਯਾਤਰਾ ਭਾਗੀ ਵਾਂਦਰ, ਕੋਟਸ਼ਮੀਰ, ਜੀਵਨ ਸਿੰਘ ਵਾਲਾ ਹੁੰਦੀ ਹੋਈ ਬਠਿੰਡਾ ਸ਼ਹਿਰ, ਬਲੁੱਆਣਾ, ਕਰਮਗੜ ਸਤਰਾਂ
ਹੋ ਕੇ ਸ਼੍ਰੀ ਮੁਕਤਸਰ ਸਾਹਿਬ ਨੂੰ ਰਵਾਨਾ ਹੋਵੇਗੀ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ, ਜਿਨ੍ਹਾਂ ਵਿਚੋਂ ਦੀ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਲਿਜਾਇਆ ਜਾਵੇਗਾ, ਦਾ ਦੌਰਾ ਕਰਕੇ ਆਗਾਮੀ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਡਿਪਟੀ ਕਮਿਸ਼ਨਰ ਡਾ: ਗਰਗ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀ ਹੱਦ ਅੰਦਰ ਇਸ ਯਾਤਰਾ ਲਈ ਸਵਾਗਤੀ ਗੇਟ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਪਹੁੰਚਣ ਵਾਲੀਆਂ ਸੰਗਤਾਂ ਲਈ ¦ਗਰ-ਪਾਣੀ ਦਾ ਵੀ ਉਚਿੱਤ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੇ ਬਠਿੰਡਾ ਦੀ ਹੱਦ ਅੰਦਰ ਦਾਖਲ ਹੁੰਦੇ ਸਾਰ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਹਰੇਕ ਪਿੰਡ ’ਤੇ ਸਵਾਗਤੀ ਗੇਟ ਵੀ ਲਗਾਏ ਜਾਣਗੇ। ਡਾ. ਗਰਗ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਯਾਤਰਾ ਲਈ ਅਗੇਤੇ ਪ੍ਰਬੰਧ ਪਹਿਲਾਂ ਤੋਂ ਹੀ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਯਾਤਰਾ ਲੋਕਾਂ ਦੀਆਂ ਭਾਵਨਾਵਾਂ ਨਾਲ ਸਬੰਧ ਰੱਖਦੀ ਹੈ, ਇਸ ਲਈ ਹਰੇਕ ਅਧਿਕਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ, ਤਨਦੇਹੀ ਅਤੇ ਲਗਨ ਨਾਲ ਨੇਪਰੇ ਚਾੜ੍ਹਨ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਮੌਕੇ ਪੀਣ ਵਾਲੇ ਸਾਫ਼ ਪਾਣੀ ਤੋਂ ਇਲਾਵਾ ਦਵਾਈਆਂ ਅਤੇ ਮੋਬਾਇਲ ਵੈਨ ਦਾ ਵੀ ਪਹਿਲਾਂ ਤੋਂ ਹੀ ਪ੍ਰਬੰਧ ਰੱਖਣ। ਇਸ ਬੈਠਕ ‘ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਡਪਟੀ ਕਮਿਸ਼ਨਰ (ਜ) ਸ਼੍ਰੀ ਸੁਮਿਤ ਜਾਰੰਗਲ, ਐਸ.ਡੀ.ਐਮ. ਰਾਮਪੁਰਾ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਚਾਰੂਮੀਤਾ, ਡੀ.ਡੀ.ਪੀ.ਓ. ਸ਼੍ਰੀ ਰਜਿੰਦਰ ਬੱਤਰਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।