April 26, 2026 2:59 pm

ਪੁਲਿਸ ਵੱਲੋਂ ਧਾਰਾ 302 ਤਹਿਤ ਮਾਮਲਾ ਦਰਜ : ਸਾਰੇ 4 ਦੋਸ਼ੀ ਗ੍ਰਿਫ਼ਤਾਰ

ਮਾਮਲੇ ਦੀ ਜਾਂਚ ਲਈ ਕਰਾਇਮ ਵਿੰਗ ਕਰੇਗਾ ਨਿਗਰਾਨੀ

01_06 ਚੰਡੀਗੜ੍ਹ, 30 ਅਪ੍ਰੈਲ (ਪੀ. ਟੀ. ਲਾਇਵ)- ਮੋਗਾ ਨੇੜੇ ਮਾਂ-ਧੀ ਨਾਲ ਛੇੜਛਾੜ ਬਾਅਦ ਬੱਸ ਤੋਂ ਧੱਕਾ ਦੇਣ ਦੇ ਮਾਮਲੇ ਵਿਚ ਧੀ ਅਰਸ਼ਦੀਪ ਕੌਰ ਦੀ ਮੌਤ ਸਬੰਧੀ ਪੰਜਾਬ ਪੁਲਿਸ ਵੱਲੋਂ ਸਾਰੇ 4 ਦੋਸ਼ੀਆਂ ਵਿਰੁੱਧ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪੁਲਿਸ ਦੇ ਮੁਖੀ ਸ਼੍ਰੀ ਸੁਮੇਧ ਸਿੰਘ, ਏ.ਡੀ.ਜੀ.ਪੀ. ਦਿਨਕਰ ਗੁਪਤਾ ਤੇ ਏ. ਡੀ.ਜੀ.ਪੀ. ਹਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਸ੍ਰੀਮਤੀ ਸ਼ਿੰਦਰ ਕੌਰ 36 ਸਾਲ ਵੱਲੋਂ ਆਪਣੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਉਹ ਬੱਸ ਨੰਬਰ ਪੀ.ਬੀ. 10 ਸੀ.ਪੀ. 1813 ਵਿਚ 29 ਅਪ੍ਰੈਲ ਨੂੰ ਸ਼ਾਮ 4 ਵਜੇ ਮੋਗਾ ਤੋਂ ਬੈਠੀ ਸੀ ਤੇ ਉਸ ਨਾਲ ਉਸਦਾ ਪੁੱਤਰ ਅਕਸ਼ੈਦੀਪ ਸਿੰਘ 14 ਸਾਲ ਤੇ ਧੀ ਅਰਸ਼ਦੀਪ ਕੌਰ 13 ਸਾਲ ਵੀ ਸਨ।

ਉਨ੍ਹਾਂ ਕਿਹਾ ਕਿ ਸ਼ਿੰਦਰ ਕੌਰ ਅਨੁਸਾਰ ਉਸ ਵਲੋਂ ਕੰਡਕਟਰ ਨੂੰ 100 ਰੁਪੈ ਦੇ ਕੇ ਤਿੰਨ ਟਿਕਟਾਂ ਦੇਣ ਲਈ ਕਿਹਾ ਗਿਆ ਸੀ, ਜਿਸ ’ਤੇ ਕੰਡਕਟਰ ਵਲੋਂ ਉਸਨੂੰ ਦੋ ਟਿਕਟਾਂ ਦੇ ਕੇ 10 ਰੁਪੈ ਹੋਰ ਦੇਣ ਲਈ ਕਿਹਾ ਗਿਆ ਸੀ। ਇਸ ’ਤੇ ਸਿੰਦਰ ਕੌਰ ਤੇ ਕੰਡਕਟਰ ਤੇ ਉਸਦੇ ਸਹਾਇਕ ਦਰਮਿਆਨ ਬਹਿਸਬਾਜ਼ੀ ਹੋਈ। ਸਿੰਦਰ ਕੌਰ ਅਨੁਸਾਰ ਬੱਸ ਟੋਲ ਪਲਾਜ਼ੇ ’ਤੇ ਰੁਕੀ ਤਾਂ ਕੰਡਕਟਰ ਨਾਲ ਜਾਣ ਪਹਿਚਾਣ ਵਾਲਾ ਇਕ ਹੋਰ ਵਿਅਕਤੀ ਬੱਸ ਵਿਚ ਸਵਾਰ ਹੋ ਗਿਆ ਅਤੇ ਇਸ ਪਿੱਛੋਂ ਕੰਡਕਟਰ, ਉਸਦੇ ਸਹਾਇਕ ਤੇ ਤੀਜੇ ਵਿਅਕਤੀ ਵਲੋਂ ਉਸਦੀ ਧੀ ਵੱਲ ਗਲਤ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਜਿਸ ’ਤੇ ਉਸ (ਸਿੰਦਰ ਕੌਰ) ਵਲੋਂ ਇਤਰਾਜ਼ ਕੀਤਾ ਗਿਆ। ਤਿੰਨਾਂ ਵਿਅਕਤੀਆਂ ਵਲੋਂ ਸਿੰਦਰ ਕੌਰ ਨਾਲ ਵੀ ਛੇੜਖਾਨੀ ਕੀਤੀ ਗਈ। ਸਿੰਦਰ ਕੌਰ ਅਨੁਸਾਰ ਜਦ ਬੱਸ ਨੇ ਪਿੰਡ ਗਿੱਲ ਲੰਘਿਆ ਤਾਂ ਤਿੰਨਾਂ ਵਿਅਕਤੀਆਂ ਨੇ ਉਸਦੀ ਧੀ ਤੇ ਉਸਨੂੰ ਬੱਸ ਵਿਚੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਅਰਸ਼ਦੀਪ ਕੌਰ ਲੱਗੀਆਂ ਸੱਟਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਸਿੰਦਰ ਕੌਰ  ਦੇ ਵੀ ਮੱਥ ਤੇ ਬਾਕੀ ਸਰੀਰ  ’ਤੇ ਸੱਟ ਵੱਜੀ ਤੇ ਉਹ ਬੇਹੋਸ਼ ਹੋ ਗਈ।
ਸਿੰਦਰ ਕੌਰ ਵਲੋਂ ਠੀਕ ਹੋਣ ’ਤੇ ਦਿੱਤੇ ਬਿਆਨਾਂ ਦੇ ਆਧਾਰ ’ਤੇ ਥਾਣਾ ਬਾਘਾਪੁਰਾਣਾ ਵਿਖੇ ਕੇਸ ਨੰਬਰ 62 ਮਿਤੀ 30 ਅਪ੍ਰੈਲ ਨੂੰ ਧਾਰਾ 302,307,354,120 ਬੀ, 34 ਆਈ.ਪੀ.ਸੀ. , 3 ਐਸ.ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਵਿਚ ਤੇਜੀ ਨਾਲ ਜਾਂਚ ਪਿੱਛੋਂ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਉਰਫ ਪੰਮਾ ਪੁੱਤਰ ਇਕਬਾਲ ਸਿੰਘ  ਵਾਸੀ ਬਾਹਾਵਾਲ ਬਸਤੀ ਅਬੋਹਰ (ਕੰਡਕਟਰ), ਗੁਰਦੀਪ ਸਿੰਘ ਉਰਫ ਜਿੰਮੀ ਪੁੱਤਰ ਸੁਰਿੰਦਰ ਸਿੰਘ ਦਸਮੇਸ਼ ਨਗਰ ਮੋਗਾ (ਸਹਾਇਕ), ਰਣਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਚੱਕ ਰਾਮ ਸਿੰਘ ਵਾਲਾ ਜਿਲ੍ਹਾ ਬਠਿੰਡਾ (ਡਰਾਈਵਰ) ਤੋਂ ਇਲਾਵਾ ਅਮਰਜੀਤ ਸਿੰਘ ਉਰਫ ਦਾਨਾ ਪੁੱਤਰ ਨੂਰਾ ਰਾਮ ਵਾਸੀ ਪਿੰਡ ਚੱਕ ਬਖਤੂ ਜਿਲ੍ਹਾ ਬਠਿੰਡਾ ਸ਼ਾਮਿਲ ਹਨ।
ਸ਼੍ਰੀਮਤੀ ਗੁਰਪ੍ਰੀਤ ਦਿਓ ਆਈ.ਜੀ. ਐਨ.ਆਰ.ਆਈ. ਮਾਮਲੇ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਸਿੰਦਰ ਕੌਰ ਦੀ ਦੇਖਭਾਲ ਤੇ ਜਾਂਚ ਦੀ ਨਿਗਰਾਨੀ  ਲਈ ਵਿਸ਼ੇਸ਼ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹਰਜੀਤ ਸਿੰਘ ਐਸ.ਪੀ. (ਡਿਟੈਕਟਿਵ) ਮੋਗਾ ਨੂੰ ਪਿੰਡ ਲੰਡੇਕੇ ਵਿਖੇ ਸਿੰਦਰ ਕੌਰ ਦੇ ਬੇਟੇ ਅਕਸ਼ੈਦੀਪ ਸਿੰਘ ਦੀ ਦੇਖਭਾਲ ਲਈ ਤਾਇਨਾਤ ਕੀਤਾ ਗਿਆ ਹੈ। ਏ.ਡੀ.ਜੀ.ਪੀ. ਕਰਾਇਮ ਇਕਬਾਲ ਪ੍ਰੀਤ ਸਿੰਘ ਸਹੋਤਾ  ਨੂੰ ਸਾਰੇ ਮਾਮਲੇ ਦੀ ਤੇਜੀ ਨਾਲ ਜਾਂਚ ਲਈ ਨਿਗਰਾਨੀ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਅਗਲੇਰੀ ਜਾਂਚ ਜਾਰੀ ਹੈ।                            

Send this to a friend