April 26, 2026 3:07 pm

ਕਿਸਾਨੀ ਮੰਗਾਂ ਨੂੰ ਲੈ ਕੇ ਕਾਂਗਰਸੀਆਂ ਵਲੋਂ ਬਾਦਲ ਦੀ ਕੋਠੀ ਅੱਗੇ ਧਰਨਾ

ਮੁੱਖ ਮੰਤਰੀ ਨੇ ਆਪ ਬਾਹਰ ਆ ਕੇ ਲਿਆ ਮੰਗ ਪੱਤਰ

01_19 ਚੰਡੀਗੜ੍ਹ, 30 ਅਪ੍ਰੈਲ  (ਨਾਗਪਾਲ)- ਕਿਸਾਨਾਂ ਦੀ ਕਣਕ ਦੀ ਮੰਡੀਆਂ ਤੋਂ ਚੁਕਾਈ ਨਾ ਹੋਣ ਤੇ ਚੁੱਕੀ ਕਣਕ ਦੇ ਪੈਸੇ ਨਾ ਜਾਰੀ ਕਰਨ ਦੇ ਮਸਲਿਆਂ ਤੇ ਅੱਜ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਦੀ ਅਗਵਾਈ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਅੱਗੇ ਧਰਨਾ ਦਿਤਾ ਗਿਆ। ਧਰਨੇ ’ਚ ਕਾਂਗਰਸ ਸੂਬਾ ਪ੍ਰਧਾਨ ਪ੍ਰਤਾਪ ਬਾਜਵਾ ਵੀ ਸ਼ਾਮਲ ਸਨ। 50 ਮਿੰਟੇ ਚੱਲੇ ਇਸ ਧਰਨੇ ਦੌਰਾਨ ਜਿਥੇ ਕਾਂਗਰਸੀਆਂ ਵੱਲੋਂ ਜੰਮਕੇ ਬਾਦਲ-ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਉਥੇ ਮੈਮੋਰੰਡਮ ਲੈਣ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਖੜ ਤੇ ਬਾਜਵਾ ਨੇ ਕਾਫੀ ਖਰੀਆਂ-ਖਰੀਆਂ ਵੀ ਸੁਣਾਈਆਂ।

ਕਾਂਗਰਸੀ ਵਿਧਾਇਕ ਪਹਿਲਾਂ ਸੁਨੀਲ ਜਾਖੜ ਦੀ ਕੋਠੀ ਇਕੱਠੇ ਹੋਏ ਤੇ ਇੱਥੋਂ 11:15 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਤੁਰੇ। ਬਾਦਲ ਦੀ ਕੋਠੀ ਅੱਗੇ ਬੈਠਦਿਆਂ ਇਨ੍ਹਾਂ ਬਾਦਲ ਸਰਕਾਰ ਕਿਸਾਨ ਵਿਰੋਧੀ, ਬਾਦਲ ਸਰਕਾਰ ਕਿਸਾਨਾਂ ਨੂੰ ਫਸਲਾਂ ਦੀ ਅਦਾਇਗੀ ਕਰੋ, 25 ਹਜਾਰ ਪ੍ਰਤੀ ਏਕੜ ਮੁਆਵਜਾ ਦਿਓ ਤੇ ਬਾਦਲ-ਮੋਦੀ ਸਰਕਾਰ ਮੁਰਦਬਾਦ ਦੇ ਨਾਅਰੇ ਲਾਏ।
ਇਸ ਪਿੱਛੋਂ ਸ. ਬਾਦਲ ਦੇ ਬਾਹਰ ਆਉਂਦਿਆਂ ਹੀ ਪਹਿਲਾਂ ਬਾਜਵਾ ਤੇ ਫੇਰ ਜਾਖੜ ਨੇ ਉਨ੍ਹਾਂ ’ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਸੱਦਾ ਦਿਤਾ ਕਿ ਉਹ ਕਾਂਗਰਸੀਆਂ ਨਾਲ ਚੱਲਕੇ ਮੋਦੀ ਸਰਕਾਰ ਖਿਲਾਫ ਦਿੱਲੀ ਧਰਨਾ ਦੇਣ। ਜਾਖੜ ਨੇ ਇਸ ਦੌਰਾਨ ਬਾਦਲ ਤੋਂ ਕਿਸਾਨਾਂ ਦੇ ਬਕਾਇਆ ਪੈਸੇ ’ਤੇ ਕਣਕ ਦੀ ਪੂਰੀ ਚੁਕਾਈ ਦੀ ਮੰਗ ਕੀਤੀ। ਇਸ ਉਪਰੰਤ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਕਿਸਾਨਾਂ ਦੀ ਅਦਾਇਗੀ ਕਰ ਦਿਤੀ ਜਾਵੇਗੀ ਤੇ ਕਣਕ ਵੀ ਚੁੱਕ ਲਈ ਜਾਵੇਗੀ।
ਇਸ ਦੌਰਾਨ ਜਾਖੜ ਤੇ ਬਾਜਵਾ ਨੇ ਮੋਗਾ ਚ ਆਰਬਿਟ ਬਸ ’ਚ ਮਾਂ-ਧੀ ਨਾਲ ਹੋਈ ਛੇੜਛਾੜ ਦੀ ਘਟਨਾ ਦੌਰਾਨ ਬੱਚੀ ਦੀ ਹੋਈ ਮੌਤ ਬਾਰੇ ਵੀ ਬਾਦਲ ਤੋਂ ਜਵਾਬਤਲਬੀ ਕਰਨੀ ਚਾਹੀ। ਦੋਵਾਂ ਆਗੂਆਂ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਕਿਹਾ ਕਿ ਪੰਜਾਬ ਚ ਨੰਨੀ ਛਾਂ ਸੁਰੱਖਿਅਤ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਵੇਗੀ। ਇਸ ਉਪਰੰਤ ਕਾਂਗਰਸੀਆਂ ਨੇ ਆਪਣੇ ਦਸਤਖਤਾਂ ਵਾਲਾ ਮੈਮੋਰੰਡਮ ਬਾਦਲ ਨੂੰ ਸੌਂਪਿਆ ਤੇ 12:04 ਮਿੰਟ ’ਤੇ ਧਰਨਾ ਖਤਮ ਹੋ ਗਿਆ।

Send this to a friend