June 18, 2026 6:48 am

ਬਾਦਲਾਂ ਦਾ ਹੁਣ ਪੰਜਾਬੀ ਫਿਲਮ ਇੰਡਸਟਰੀ ‘ਤੇ ਵੀ ਕਬਜ਼ਾ : ਬਾਜਵਾ

ਹੁਸ਼ਿਆਰਪੁਰ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਐੱਨ. ਡੀ. ਏ. ਦਾ ਸਾਥ ਛੱਡ ਦੇਣਾ ਚਾਹੀਦਾ ਹੈ। ਬਾਦਲ ਪਰਿਵਾਰ ਵਲੋਂ ਪੰਜਾਬ ਦੇ ਸਾਰੇ ਵੱਡੇ ਕਾਰੋਬਾਰ ਰੇਤਾ, ਬੱਜਰੀ, ਟਰਾਂਸਪੋਰਟ ਤੇ ਸਮੁੱਚੇ ਪੰਜਾਬ ਦੇ ਠੇਕਿਆਂ ‘ਤੇ ਆਪਣਾ ਕਬਜ਼ਾ ਜਮਾਉਣ ਤੋਂ ਬਾਅਦ ਹੁਣ ਫਿਲਮ ਇੰਡਸਟਰੀ ‘ਤੇ ਵੀ ਆਪਣਾ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਦੀ ਇਕ ਫਿਲਮ ਜਲੰਧਰ ‘ਚ ਚੱਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਤਾਪ ਸਿੰਘ ਬਾਜਵਾ ਨੇ ਹੁਸ਼ਿਆਰਪੁਰ ਵਿਖੇ ਇਕ ਸਮਾਗਮ ‘ਚ ਹਿੱਸਾ ਲੈਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਾਰੇ ਕਾਰੋਬਾਰ ਹੁਣ ਇਸ ਪਰਿਵਾਰ ਨੇ ਆਪਣੇ ਹੱਥ ‘ਚ ਲੈ ਲਏ ਹਨ ਤੇ ਲੋਕਾਂ ਨੂੰ ਵਿਹਲੇ ਕਰ ਦਿੱਤਾ ਹੈ। ਅੱਜ ਪੰਜਾਬ ਦੀ ਨੌਜਵਾਨੀ ਦਾ ਇਸ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਜੋ ਵਿਹਲੀ ਘੁੰਮ ਰਹੀ ਹੈ ਤੇ ਨੌਜਵਾਨ ਕੁਰਾਹੇ ਪੈ ਰਹੇ ਹਨ। ਉਨ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਮੋਦੀ ‘ਤੇ ਵਰਦਿਆਂ ਕਿਹਾ ਕਿ ਉਸਦੀ ਸੋਚ ਡੱਬੇ ਤੋਂ ਬਾਹਰ ਆ ਗਈ ਹੈ। ਘੱਟ ਗਿਣਤੀ ਲੋਕਾਂ ਪ੍ਰਤੀ ਉਸਦਾ ਰਵੱਈਆ ਠੀਕ ਨਹੀਂ ਹੈ ਤੇ ਮੋਦੀ ਨੇ 40 ਸਾਲ ਪਹਿਲਾਂ ਗੁਜਰਾਤ ‘ਚ ਵਸੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਕਿਸਾਨਾਂ ਨੂੰ ਉਜਾੜਨ ਲਈ ਤੁਲੇ ਹੋਏ ਹਨ, ਉਹ ਬਹੁਤ ਮਾੜੀ ਗੱਲ ਹੈ। ਇਹ ਪਰਿਵਾਰ ਉਥੋਂ ਦੇ ਵੋਟਰ ਵੀ ਹਨ ਤੇ ਕਈ ਭਾਜਪਾ ਦੇ ਸਪੋਟਰ ਵੀ ਹਨ। ਇਹ ਲੋਕ ਆਪਣੀਆਂ ਜ਼ਮੀਨਾਂ ਪੰਜਾਬ ਵਿਚੋਂ ਵੇਚ ਕੇ ਗੁਜਰਾਤ ‘ਚ ਸੈਟਲ ਹੋਏ। ਉਨ੍ਹਾਂ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਅਸੀਂ ਇਨ੍ਹਾਂ ਨੂੰ ਚੰਗੇ ਵਕੀਲ ਕਰਕੇ ਦੇਵਾਂਗੇ ਤੇ ਹਰ ਤਰ੍ਹਾਂ ਦੀ ਸਹਾਇਤਾ ਕਰਾਂਗੇ, ਜਿਸਦਾ ਮਤਲਬ ਹੈ ਕਿ ਮੋਦੀ ਇਨ੍ਹਾਂ ਦੀ ਸੁਣ ਨਹੀਂ ਰਿਹਾ। ਵਕੀਲ ਤਾਂ ਪੀੜਤ ਪਰਿਵਾਰਾਂ ਨੇ ਪਹਿਲਾਂ ਹੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ 20-25 ਲੱਖ ਰੁਪਏ ‘ਚ ਇਨ੍ਹਾਂ ਵਲੋਂ ਵਕੀਲ ਕਰਕੇ ਦੇਣ ਨਾਲ ਸਿੱਖ ਕੌਮ ਨੂੰ ਖਰੀਦਿਆ ਨਹੀਂ ਜਾ ਸਕਦਾ।

Send this to a friend