ਬਾਘਾ ਪੁਰਾਣਾ, 4 ਅਗਸਤ (ਤਰਲੋਚਨ ਬਰਾੜ)-ਨਜ਼ਦੀਕੀ ਪਿੰਡ ਵੱਡਾ ਅਤੇ ਛੋਟਾ ਘਰ ਵਿਖੇ ਸਥਿੱਤ ਇੱਕੋ – ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਚ ਵਿਚ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪੱਤਰੇ ਕਿਸੇ ਸ਼ਰਾਰਤੀ ਅਨਸਰ ਨੇ ਫਾੜ ਦਿੱਤੇ, ਜਿਸ ਨਾਲ ਸੰਗਤਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ।

ਮੌਕੇ ‘ਤੇ ਪਹੁੰਚ ਕੇ ਇੱਕਤਰ ਕੀਤੀ ਜਾਣਕਾਰੀ ਅਨਸਾਰ ਮੌਕੇ ‘ਤੇ ਹਾਜ਼ਰ ਏਕ ਨੂਰ ਖ਼ਾਲਸਾ ਫੌਜ ਦੇ ਸੀਨੀਅਰ ਆਗੂ ਗੁਰਭਾਗ ਸਿੰਘ ਮਰੂੜ, ਭਾਈ ਰਾਜਿੰਦਰ ਸਿੰਘ, ਭਾਈ ਰਣਜੀਤ ਸਿੰਘ ਦੱਦਾਹੂਰ, ਭਾਈ ਸੁਖਵਿੰਦਰ ਸਿੰਘ, ਭਾਈ ਕੁਲਵੰਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਬੀਤੇ ਕੱਲ੍ਹ ਦਿਨ ਦਿਹਾੜੇ ਕਿਸੇ ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਚ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਛੇੜਛਾੜ ਕੀਤੀ ਅਤੇ ਚਾਰ ਪੇਜ ਪਾੜ ਦਿੱਤੇ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਜਸਪਾਲ ਸਿੰਘ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਜਦੋਂ ਰਹਿਰਾਸ ਸਾਹਿਬ ਦੇ ਪਾਠ ਵਾਸਤੇ ਆਏ ਤਾਂ ਉਨ੍ਹਾਂ ਦੇ ਦੇਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਦਿੱਤੇ ਹੋਏ ਰੁਮਾਲੇ ਨਾਲ ਕਿਸੇ ਨੇ ਛੇੜ ਛਾੜ ਕੀਤੀ ਹੋਈ ਹੈ । ਜਦੋਂ ਉਨ੍ਹਾਂ ਨੇ ਰੁਮਾਲਾ ਚੁੱਕ ਦੇ ਦੇਖਿਆ ਤਾਂ ਗੁਰੂ ਸਾਹਿਬ ਦੇ ੬੪੫ ਤੋਂ ਲੈ ਕੇ ੬੫੨ ਅੰਗ ਤੱਕ ਚਾਰ ਪੇਜ ਫਾੜੇ ਹੋਏ ਸਨ, ਜਿਸ ਦੇ ਦੋ ਪੇਜ ਸ਼ਰਾਰਤੀ ਅਨਸਰਾਂ ਨੇ ਅੱਧ ਵਿਚਕਾਰੋਂ ਫਾੜ ਕੇ ਥੜਾ ਸਾਹਿਬ ਦੇ ਕੋਲ ਹੀ ਥੱਲੇ ਸੁੱਟੇ ਹੋਏ ਸਨ ਅਤੇ ਬਾਕੀ ਦੂਸਰੇ ਦੋ ਪੇਜ ਸ਼ਰਾਰਤੀ ਅਨਸਰ ਆਪਣੇ ਨਾਲ ਹੀ ਲੈ ਗਏ। ਅੱਜ ਇਸ ਬਾਰੇ ਇਲਾਕੇ ਦੀਆਂ ਸੰਗਤਾਂ ਦਾ ਗੁਰਦੁਆਰਾ ਸਾਹਿਬ ਵਿਖੇ ਭਾਰੀ ਇਕੱਠ ਹੋਇਆ। ਮੌਕੇ ‘ਤੇ ਹਾਜ਼ਰ ਏਕ ਨੂਰ ਖ਼ਾਲਸਾ ਫੌਜ ਦੇ ਆਗੂ ਭਾਈ ਗੁਰਭਾਗ ਸਿੰਘ ਨੇ ਆਖਿਆ ਕਿ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਆਏ ਦਿਨ ਸ਼ਰਾਰਤੀ ਅਨਸਰ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਰਹਿੰਦੇ ਹਨ। ਹਰ ਘਟਨਾ ਤੋਂ ਬਾਅਦ ਅਸੀ ਚੁੱਪ ਕਰਕੇ ਬੈਠ ਜਾਂਦੇ ਹਾਂ। ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਕੋਈ ਵੀ ਕਾਰਵਾਈ ਨਹੀ ਕੀਤੀ ਜਾਂਦੀ। ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ, ਸ਼ੋਮਣੀ ਕਮੇਟੀ ਨੂੰ ਸਚੁੱਜੇ ਪ੍ਰਬੰਧ ਕਰਨ ਵਾਸਤੇ ਕਹਿਣ। ਉਨ੍ਹਾਂ ਕਿਹਾ ਕਿ ਸਾਨੂੰ ਸਾਵਧਾਨੀ ਵਾਸਤੇ ਦਰਬਾਰਾ ਸਾਹਿਬ ਵਿਚ ਸੀ. ਸੀ. ਟੀ. ਵੀ ਕੈਮਰੇ ਲਗਾਉਂਣੇ ਚਾਹੀਦੇ ਹਨ । ਜੇਕਰ ਹੋ ਸਕੇ ਤਾਂ ਡਿਊਟੀ ‘ਤੇ ਪਹਿਰੇਦਾਰ ਵੀ ਰੱਖਣਾਂ ਚਾਹੀਦਾ ਹੈ।ਇਸ ਮੌਕੇ ‘ਤੇ ਹਾਜ਼ਰ ਇਲਾਕੇ ਦੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਵਿੰਦਰ ਕੌਰ ਖ਼ਾਲਸਾ ਦੇ ਪਤੀ ਸੀਨੀਅਰ ਅਕਾਲੀ ਆਗੂ ਗੁਰਲਾਭ ਸਿੰਘ ਝੰਡੇਆਣਾ ਨੇ ਕਿਹਾ ਕਿ ਉਹ ਇਸ ਦੁੱਖਦਾਈ ਘਟਨਾ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਭੇਜ ਕੇ ਮੰਗ ਕਰਨਗੇ ਕਿ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵਧੀਆ ਸਰੁਖਿਆਤਮਕ ਕਦਮ ਉਠਾਵੇ ਤਾਂ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ । ਇਸ ਮੌਕੇ ‘ਤੇ ਹਾਜ਼ਰ ਡੀ. ਐੱਸ. ਪੀ. ਬਾਘਾਪੁਰਾਣਾ ਸ. ਸਤਨਾਮ ਸਿੰਘ, ਪੁਲਸ ਥਾਣਾ ਬਾਘਾਪੁਰਾਣਾ ਦੇ ਐੱਸ. ਐੱਚ. ਓ. ਸ. ਪ੍ਰਤਾਪ ਸਿੰਘ ਅਤੇ ਪੁਲਸ ਚੌਂਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਇਹ ਇੱਕ ਬਹੁਤ ਮੰਦਭਾਗੀ ਘਟਨਾ ਹੈ । ਜਿਸ ਵੀ ਸ਼ਰਾਰਤੀ ਅਨਸਰ ਨੇ ਇਸ ਘਟਨਾ ਨੂੰ ਇੰਜਾਮ ਦਿੱਤਾ ਹੈ ਉਸਨੂੰ ਬਖਸ਼ਿਆਂ ਨਹੀ ਜਾਵੇਗਾ ।ਉਨ੍ਹਾਂ ਕਿਹਾ ਕਿ ਅਣਪਛਾਤੇ ਸ਼ਰਾਰਤੀ ਅਨਸਰਾਂ ਦੇ ਵਿਰੁੱਧ ਪਰਚਾ ਦਰਜ ਕਰ ਰਹੇ ਹਾਂ । ਤਫਤੀਸ਼ ਕੀਤੀ ਜਾ ਰਹੀ ਹੈ । ਜੋ ਵੀ ਦੋਸ਼ੀ ਪਾਇਆ ਗਿਆ ਉਸਨੂੰ ਹਰ ਹਾਲਤ ਵਿਚ ਸਜ਼ਾ ਦਿਵਾਈ ਜਾਵੇਗੀ । ਇਸ ਸਮੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਸੰਤਾ ਸਿੰਘ, ਸਰਪੰਚ ਤ੍ਰਿਲੋਕ ਸਿੰਘ ਵੱਡਾ ਘਰ, ਕਰਤਾਰ ਸਿੰਘ ਸਾਬਕਾ ਚੇਅਰਮੈਨ, ਜਥੇਦਾਰ ਹਰੀ ਸਿੰਘ, ਹੈੱਡ ਗ੍ਰੰਥੀ ਭੋਲਾ ਸਿੰਘ ਯੂਥ ਆਗੂ ਆਤਮਾ ਸਿੰਘ, ਸਵਰਨ ਸਿੰਘ ਸਾਬਕਾ ਸਰਪੰਚ ਛੋਟਾ ਘਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।