ਅੰਬਾਲਾ/ਸਰਹਿੰਦ, 28 ਅਪ੍ਰੈਲ (ਪੀ. ਟੀ.)- ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ’ਤੇ ਪੁੱਜੇ। ਦਿੱਲੀ ਤੋਂ ਰੇਲ ਦਾ ਸਫਰ ਕਰਕੇ ਉਹ ਪਹਿਲਾਂ ਅੰਬਾਲਾ ਪਹੁੰਚੇ ਜਿਸ ਬਾਅਦ ਮੋਟਰ ਕਾਰਾਂ ਦੇ ਕਾਫਲੇ ਰਾਹੀਂ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਪਹੁੰਚੇ ਜਿੱਥੇ ਉਨ੍ਹਾਂ ਕਿਸਾਨਾਂ ਦੇ ਨਾਲ ਕਣਕ ਦੀ ਖਰੀਦ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਸੁਣੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੁਸ਼ਕਿਲ ਘੜੀ ਦੇ ਵਿੱਚ ਆਪਣੇ ਆਪ ਨੂੰ ਇਕੱਲਾ ਨਾ ਸਮਝਣ। ਕਾਂਗਰਸ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਉਹ ਕਣਕ ਦੀ ਖਰੀਦ ਸਬੰਧੀ ਕੇਂਦਰ ਸਰਕਾਰ ਉੱਤੇ ਦਬਾਅ ਵਧਾਉਣਗੇ। ਮੰਡੀ ਗੋਬਿੰਦਗੜ੍ਹ ਬਾਅਦ ਰਾਹੁਲ ਗਾਂਧੀ ਖੰਨਾ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ, ਸ੍ਰੀ ਸੁਨੀਲ ਜਾਖੜ ਅਤੇ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ।