April 26, 2026 6:27 am

ਕਿਸਾਨਾਂ ਦੇ ਲਗਾਤਾਰ ਦੂਸਰੇ ਦਿਨ ਧਰਨੇ ਦੌਰਾਨ ਇੱਕ ਕਿਸਾਨ ਦੀ ਮੌਤ

ਕਿਸਾਨ ਜੱਥੇਬੰਦੀਆਂ ਨੇ ਮ੍ਰਿਤਕ ਕਿਸਾਨ ਨੂੰ ਐਲਾਨਿਆ ‘ਸ਼ਹੀਦ’

ਜੰਡਿਆਲਾ ਗੁਰੂ, 28 ਅਪ੍ਰੈਲ- ਕਲ੍ਹ ਦੁਪਹਿਰ ਕਰੀਬ 12 ਵਜੇ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਦੇਵੀਦਾਸਪੁਰਾ (ਜੰਡਿਆਲਾ ਗੁਰੂ) ਰੇਲਵੇ ਲਾਈਨਾਂ ਉੱਪਰ ਦਿੱਤਾ ਧਰਨਾ ਅੱਜ ਵੀ ਲਗਾਤਾਰ ਜਾਰੀ ਰਿਹਾ ਅਤੇ ਕਿਸਾਨਾਂ ਵੱਲੋਂ ਸਵੇਰੇ ਕੜਕਦੀ ਧੁੱਪ ਅਤੇ ਰਾਤ ਹਨੇਰੀ ਦੇ ਤੇਜ ਝੱਖੜਾਂ ਵਿੱਚ ਰੇਲਵੇ ਪਟੜੀਆਂ ਦੇ ਪੱਥਰਾਂ ਉੱਪਰ ਨੀਂਦ ਦੀਆਂ ਝਪਕੀਆਂ ਲਈਆਂ। ਅੱਜ ਦੇਰ ਸ਼ਾਮ ਜਦ ਕਿਸਾਨ ਜਥੇਬੰਦੀਆਂ ਅਤੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਸਿਰੇ ਲੱਗੀ ਤਾਂ ਸਿਰਫ ਪੰਜ ਮਿੰਟਾਂ ਬਾਅਦ ਹੀ ਇੱਕ ਕਿਸਾਨ ਦੀ ਮੌਤ ਨੇ ਸਾਰੀ ਸਥਿਤੀ ਨੂੰ ਫਿਰ ਬਦਲ ਦਿੱਤਾ। ਮ੍ਰਿਤਕ ਕਿਸਾਨ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਬਤਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਜੋਂ ਹੋਈ ਹੈ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਡਿਪਟੀ ਕਮਿਸ਼ਨਰ ਦੀ ਗੱਲਬਾਤ ਦਾ ਸਾਰਾ ਅਸਰ ਖਤਮ ਹੋ ਗਿਆ ਅਤੇ ਇੱਕ ਵਾਰ ਫਿਰ ਸਥਿਤੀ ਤਣਾਅਪੂਰਨ ਬਣ ਗਈ।

ਇਥੇ ਇਹ ਦੱਸਣਯੋਗ ਹੈ ਕਿ ਲਗਭਗ 1000 ਦੇ ਕਰੀਬ ਧਰਨੇ ਉੱਪਰ ਬੈਠੇ ਕਿਸਾਨਾਂ ਨਾਲ ਨਜਿੱਠਣ ਲਈ ਪਿੰਡ ਦੇਵੀਦਾਸਪੁਰਾ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨਾਲ ਖਚਾਖਚ ਭਰਿਆ ਹੋਇਆ ਸੀ। ਪੁਲਿਸ ਮੁਲਾਜ਼ਮਾਂ ਦੀ ਵੀ ਗਿਣਤੀ  1000-1500 ਦੇ ਕਰੀਬ ਦੀ ਜੋ ਕਿ ਤਕਰੀਬਨ ਤਿੰਨ ਕਿਲੋਮੀਟਰ ਦੇ ਰਸਤੇ ਉੱਪਰ ਚੱਪੇ-ਚੱਪੇ ’ਤੇ ਖੜ੍ਹੀ ਸੀ। ਇਕ ਵਾਰ ਤਾਂ ਡਿਪਟੀ ਕਮਿਸ਼ਨਰ ਅਤੇ ਕਿਸਾਨ ਜਥੇਬੰਦੀਆਂ ਵਿੱਚ ਲਗਭਗ ਰਾਜ਼ੀਨਾਮਾ ਹੋ ਗਿਆ ਸੀ ਅਤੇ 2-3 ਪ੍ਰਮੁੱਖ ਮੰਗਾਂ ਮੁੱਖ ਮੰਤਰੀ ਨਾਲ ਬੈਠਕੇ ਹੱਲ ਕਰਨ ਦਾ ਭਰੋਸਾ ਡਿਪਟੀ ਕਮਿਸ਼ਨਰ ਵੱਲੋਂ ਦਿੱਤਾ ਗਿਆ ਸੀ ਪਰ ਇਸ ਗੱਲਬਾਤ ਦੇ 2-4 ਮਿੰਟਾਂ ਬਾਅਦ ਹੀ ਕਿਸਾਨ ਦੀ ਮੌਤ ਨੇ ਸਥਿਤੀ ਫਿਰ ਗੁੰਝਲਦਾਰ ਬਣਾ ਦਿੱਤੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਮ੍ਰਿਤਕ ਨੂੰ ਇਸ ਸੰਘਰਸ਼ ਦਾ ‘ਸ਼ਹੀਦ’ ਐਲਾਨ ਦਿੱਤਾ ਗਿਆ ਹੈ।

Send this to a friend