April 26, 2026 7:51 am

ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਯਾਤਰਾ ਦਾ ਕਰੇਗੀ ਪ੍ਰਬੰਧ

6 ਮਈ ਨੂੰ ਪਟਿਆਲਾ ਤੋਂ ਪਵਿੱਤਰ ਯਾਤਰਾ ਸ਼ੁਰੂ ਹੋ ਕੇ 20 ਮਈ ਨੂੰ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸਮਾਪਤ

ਜਲੰਧਰ/ਚੰਡੀਗੜ੍ਹ, 28 ਅਪ੍ਰੈਲ- ਖਾਲਸਾ ਪੰਥ ਅਤੇ ਇਸ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰੂਹਾਨੀਅਤ ਅਤੇ ਅਧਿਆਤਮਕਤਾ ਵਿੱਚ ਸਾਰਾ ਪੰਜਾਬ ਅਗਲੇ ਮਹੀਨੇ ਪੂਰੀ ਤਰ੍ਹਾਂ ਓਤ-ਪੋਤ ਹੋ ਜਾਵੇਗਾ ਕਿਉਂਕਿ ਸੂਬੇ ਭਰ ਦੇ ਲੋਕਾਂ ਨੂੰ ਦਸਵੇਂ ਗੁਰੂ ਜੀ ਦੀਆਂ ਇਤਿਹਾਸਕ ਅਤੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ। ਸਮੁੱਚੀ ਲੋਕਾਈ ਲਈ ਇਸ ਤਰ੍ਹਾਂ ਦਾ ਸੁਭਾਗ ਪ੍ਰਾਪਤ ਕਰਨ ਦੇ ਮੌਕੇ ਘੱਟ ਹੀ ਆਇਆ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸੂਬਾ ਭਰ ਵਿੱਚ ਲਿਜਾਣ ਲਈ 6 ਮਈ ਤੋਂ 20 ਮਈ ਤੱਕ ਇੱਕ ਵਿਸ਼ੇਸ ਧਾਰਮਿਕ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਨੂੰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ।

       ਪੰਜਾਬ ਦੇ ਮੁੱਖ ਮੰਤਰੀ ਦੇ ਰਾਸ਼ਟਰੀ ਮਾਮਲਿਆਂ ਤੇ ਮੀਡੀਆ ਬਾਰੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਦੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ 15 ਦਿਨ ਚੱਲਣ ਵਾਲੇ ਇਸ ਧਾਰਮਿਕ-ਇਤਿਹਾਸਕ ਸਮਾਰੋਹ ਨੂੰ ਖਾਲਸਾ ਪੰਥ ਦੇ ਜਾਹੋ-ਜਲਾਲ ਦੇ ਅਨੁਸਾਰ ਕਰਵਾਉਣ ਲਈ ਕੋਈ ਵੀ ਕਸਰ ਨਾ ਰਹਿਣ ਦੇਣ ਲਈ ਦ੍ਰਿੜ ਸੰਕਲਪ ਹਨ। ਦੋਵੇਂ ਆਗੂ ਇਸ ਸਮਾਰੋਹ ਦੀ ਸਫ਼ਲਤਾ ਲਈ ਤਨ-ਮਨ ਨਾਲ ਲੱਗੇ ਹੋਏ ਹਨ ਅਤੇ ਇਸ ਨੂੰ ਇਕ ਇਤਿਹਾਸਕ ਸਮਾਰੋਹ ਬਣਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਉਹ ਚਾਹੁੰਦੇ ਹਨ ਕਿ ਇਸ ਪਵਿੱਤਰ ਕਾਰਜ ਨੂੰ ਮਹਾਨ ਗੁਰੂ ਸਾਹਿਬਾਨ ਦੀ ਰੂਹਾਨੀਅਤ ਦੀ ਬੁਲੰਦੀ ਦੇ ਮੱਦੇਨਜ਼ਰ ਮਨਾਇਆ ਜਾਵੇ। ਸੂਬਾ ਭਰ ਵਿੱਚ ਸੰਗਤਾਂ ਨੂੰ ਗੁਰੂ ਜੀ ਦੀਆਂ ਇਤਿਹਾਸਕ ਤੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਵਾਸਤੇ ਇਸ ਪ੍ਰਸਤਾਵਤ ਧਾਰਮਿਕ ਸਮਾਰੋਹ ਦੀਆਂ ਤਿਆਰੀਆਂ ਲਈ ਸਖ਼ਤ ਮਿਹਨਤ ਅਤੇ ਯੋਜਨਾਬੰਦੀ ਤਿਆਰ ਕੀਤੀ ਗਈ ਹੈ। ਇਹ ਪਵਿੱਤਰ ਯਾਤਰਾ ਪਟਿਆਲਾ ਤੋਂ 6 ਮਈ ਨੂੰ ਸ਼ੁਰੂ ਹੋਵੇਗੀ ਅਤੇ 20 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ।
       ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅੱਜ ਸਵੇਰੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਿਲੇ ਅਤੇ ਇਸ ਸਮਾਰੋਹ ਦੇ ਪ੍ਰਬੰਧਾਂ ਬਾਰੇ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਇਸ ਯਾਤਰਾ ਦੇ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਲਈ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ’ਤੇ ਅਧਾਰਿਤ ਇਕ ਕਮੇਟੀ ਦਾ ਗਠਨ ਕੀਤਾ।
       ਪਿਛਲੀ ਸਵੇਰ ਦਿੱਲੀ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਇਸ ਸਬੰਧ ਵਿਚ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਅੱਜ ਉਨ੍ਹਾਂ ਨੇ ਇਸ ਵਿੱਚ ਸਿਆਸੀ ਅਤੇ ਧਾਰਮਿਕ ਆਗੂਆਂ, ਪਾਰਟੀ ਵਰਕਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਇਸ ਵਿਲੱਖਣ ਯਾਤਰਾ ਨੂੰ ਸਫਲ ਬਣਾਉਣ ਵਾਸਤੇ ਇਸ ਕਾਰਜ ਵਿਚ ਸ਼ਾਮਲ ਕੀਤਾ। ਅੱਜ ਪੰਜਾਬ ਭਵਨ ਵਿਖੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਇਸ ਯਾਤਰਾ ਸਬੰਧੀ ਪ੍ਰੋਗਰਾਮ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਇਸ ਯਾਤਰਾ ਦੀ ਮਹਾਨ ਧਾਰਮਿਕ ਅਤੇ ਸਭਿਆਚਾਰਕ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਸੂਬਾ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ ’ਤੇ ਤਿਆਰ ਕੀਤੇ ਪ੍ਰੋਗਰਾਮ ਦਾ ਜਾਇਜ਼ਾ ਲਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਵਿੱਚ ਤਿੰਨ ਤਲਵਾਰਾਂ, ਕੰਘਾ ਸਮੇਤ ਕੇਸ, ਇਕ ਦਸਤਾਰ, ਇਕ ਚੋਲਾ, ਇਕ ਚਾਬਕ, ਪੰਜ ਤੀਰ, ਇਕ ਸ੍ਰੀ ਸਾਹਿਬ (ਤਿੰਨ ਇੰਚ ਛੋਟੀ ਕਿਰਪਾਨ), ਲੱਕੜ ਦਾ ਭਾਲਾ, ਸਟੀਲ ਦਾ ਛੋਟਾ ਭਾਲਾ, ਇਕ ਸ੍ਰੀ ਸਾਹਿਬ (ਵੱਡੀ ਕਿਰਪਾਨ), ਇਕ ਸ੍ਰੀ ਸਾਹਿਬ ਜਿਸ ’ਤੇ ‘ਸਤ ਸ੍ਰੀ ਅਕਾਲ ਗੁਰੂ ਤੇਗ ਬਹਾਦਰ’, 1713 ਸੰਮਤ (1656) ਉਕਰਿਆ ਹੋਇਆ ਹੈ, ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਵੀ ਹੋਵੇਗੀ।

Êਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸੰਸਥਾਪਕ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਸਮੁੱਚੇ ਪੰਜਾਬ ਦੀ ਹਰ ਨੁੱਕਰ ਵਿੱਚ ਸੰਗਤਾਂ ਨੂੰ ਕਰਵਾਉਣ ਦਾ ਮਹਾਨ ਉਪਰਾਲਾ ਵਿੱਢਿਆ ਗਿਆ  ਹੈ ਕਿਉਂ ਜੋ ਇਹ ਪਵਿੱਤਰ ਨਿਸ਼ਾਨੀਆਂ ਗੁਰੂ ਜੀ ਵੱਲੋਂ ਤਤਕਾਲੀ ਕੱਟੜ ਹਾਕਮਾਂ ਦੀ ਅਨਿਆਂਪੂਰਨ, ਦਮਨਕਾਰੀ ਅਤੇ ਧਾਰਮਿਕ ਅੱਤਿਆਚਾਰ ਖਿਲਾਫ਼ ਸੂਰਬੀਰਤਾ ਨਾਲ ਲੜੀ ਜੰਗ ਦੀਆਂ ਸੂਚਕ ਹਨ। ਇਸ ਯਾਤਰਾ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ 33 ਫੁੱਟ ਲੰਮੇ ਵਾਹਨ (ਬੱਸ) ਵਿੱਚ ਪਵਿੱਤਰ ਨਿਸ਼ਾਨੀਆਂ ਸਜਾਈਆਂ ਜਾਣਗੀਆਂ।

   ਇਸ ਪਵਿੱਤਰ ਯਾਤਰਾ ਵਿੱਚ ਸਾਰੇ ਧਰਮਾਂ ਦੀਆਂ ਮਹਾਨ ਸ਼ਖਸੀਅਤਾਂ ਤੇ ਉੱਘੇ ਅਧਿਆਤਮਕ ਆਗੂ ਸ਼ਾਮਲ ਹੋਣਗੇ। ਸ. ਬਾਦਲ ਦੀ ਇਹ ਤੀਬਰ ਇੱਛਾ ਹੈ ਕਿ ਇਸ ਪਵਿੱਤਰ ਯਾਤਰਾ ਰਾਹੀਂ  ਮਹਾਨ ਗੁਰੂਆਂ ਖਾਸ ਤੌਰ ’ਤੇ ਦਸਵੇਂ ਪਾਤਸ਼ਾਹ ਜੀ ਦੇ ਸੰਦੇਸ਼ ਦਾ ਵੱਧ ਤੋਂ ਵੱਧ ਪਾਸਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਇਕ ਸ਼ਰਧਾਲੂ ਭਾਈ ਘਨੱਈਆ ਜੀ ਵੱਲੋਂ ਦੁਸ਼ਮਣ ਮੁਗਲ ਹਾਕਮਾਂ ਦੇ ਜ਼ਖ਼ਮਾਂ ’ਤੇ ਮੱਲਮ ਲਾਉਣ ’ਤੇ ਥਾਪੜਾ ਦਿੱਤਾ ਸੀ। ਮੁੱਖ ਮੰਤਰੀ ਦਾ ਵਿਸ਼ਵਾਸ ਹੈ ਕਿ ਮਹਾਨ ਗੁਰੂ ਸਾਹਿਬਾਨ ਜੀ ਦੇ ਜੀਵਨ ਤੇ ਬਾਣੀ ਨੇ ਪਹਿਲੀ ਵਾਰ ਧਰਮ ਨਿਰਪੱਖਤਾ ਦਾ ਸਪੱਸ਼ਟ ਸੁਨੇਹਾ ਦਿੱਤਾ। ਇਸ ਕਰਕੇ ਇਹ ਜ਼ਰੂਰੀ ਹੈ ਕਿ ‘ਸਰਬੱਤ ਦਾ ਭਲਾ’ ਦੀ ਭਾਵਨਾ ਦੇ ਅਨੁਸਾਰ ਉਨ੍ਹਾਂ ਨੂੰ ਸ਼ਰਧਾ ਭੇਟ ਕੀਤੀ ਜਾਵੇ।

ਇਸ ਸਬੰਧ ਵਿੱਚ ਬੀਤੇ ਦਿਨ ਅਤੇ ਅੱਜ ਹੋਈਆਂ ਲੜੀਵਾਰ ਮੀਟਿੰਗਾਂ ਵਿੱਚ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸ. ਸੁਰਜੀਤ ਸਿੰਘ ਰੱਖੜਾ, ਸੰਸਦ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਅਕਾਲੀ ਆਗੂ ਸ. ਨਿਰਮਲ ਸਿੰਘ ਕਾਹਲੋਂ, ਸ. ਸੇਵਾ ਸਿੰਘ ਸੇਖਵਾਂ, ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸੰਤ ਬਲਬੀਰ ਸਿੰਘ ਘੁੰਨਸ ਤੇ ਫਾਤਿਮਾ ਨਿਸਾਰਾ ਖਾਤੂਨ, ਵਿਧਾਇਕ ਸ. ਇਕਬਾਲ ਸਿੰਘ ਝੂੰਦਾ, ਸੀਨੀਅਰ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਤੇ ਅਗਜ਼ੈਕਟਿਵ ਮੈਂਬਰ ਸ. ਅਮਰੀਕ ਸਿੰਘ ਚਾਵਲਾ ਤੋਂ ਇਲਾਵਾ ਪ੍ਰਮੁੱਖ ਸਕੱਤਰ ਸੈਰ ਸਪਾਟਾ ਵਿਭਾਗ ਸ੍ਰੀਮਤੀ ਅੰਜਲੀ ਭਾਵਰਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਏ.ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਸ੍ਰੀ ਪੁਨੀਤ ਗੋਇਲ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂ ਹਾਜ਼ਰ ਸਨ।

Send this to a friend