June 18, 2026 6:46 am

ਜਾਇਦਾਦ ਦੀ ਖਾਤਰ ਭਰਾ ਨੇ ਕੀਤਾ ਭਰਾ ਦਾ ਕਤਲ

ਅੰਮ੍ਰਿਤਸਰ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਅੰਮ੍ਰਿਤਸਰ ਦੇ ਕਸਬਾ ਰਾਜਾਸਾਂਸੀ ਦੇ ਪਿੰਡ ਮੁਹਾਰ ‘ਚ ਜਾਇਦਾਦ ਦੀ ਖਾਤਰ ਇਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੇ ਭਰਾ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਹੱਤਿਆ ‘ਚ ਇਸਤੇਮਾਲ ਕੀਤਾ ਗਿਆ ਦਾਤਰ ਬਰਾਮਦ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਬੀਤੇ ਦਿਨੀਂ ਮ੍ਰਿਤਕ ਸੁਖਜੀਤ ਸਿੰਘ ਦੀ ਲਾਸ਼ ਉਸ ਦੇ ਆਪਣੇ ਹੀ ਘਰ ‘ਚ ਮਿਲੀ ਸੀ। ਮ੍ਰਿਤਕ ਦੀ ਮਾਂ ਭੁਪਿੰਦਰ ਕੌਰ ਨੇ ਸੁਖਜੀਤ ਦੀ ਮੌਤ ਦੇ ਪਿੱਛੇ ਉਸ ਦੇ ਮਾਸੜ ਅਵਤਾਰ ਸਿੰਘ ਤੇ ਹਰਜਿੰਦਰ ਸਿੰਘ ‘ਤੇ ਦੋਸ਼ ਲਾਇਆ ਸੀ। ਪੁਲਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਜਾਂਚ ਦੌਰਾਨ ਸ਼ੱਕ ਦੀ ਸੂਈ ਮ੍ਰਿਤਕ ਦੇ ਭਰਾ ਅੰਮ੍ਰਿਤਪਾਲ ‘ਤੇ ਗਈ। ਪੁਲਸ ਨੇ ਪਰਿਵਾਰ ਦੇ ਇਕੱਲੇ-ਇਕੱਲੇ ਜੀਅ ਕੋਲੋਂ ਪੁੱਛਗਿੱਛ ਕੀਤੀ ਤੇ ਜਦੋਂ ਅੰਮ੍ਰਿਤਪਾਲ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਅੰਮ੍ਰਿਤਪਾਲ ਨੇ ਦੱਸਿਆ ਕਿ ਉਸ ਦਾ ਭਰਾ ਨਸ਼ੇ ਦਾ ਆਦੀ ਸੀ ਉਹ ਜ਼ਮੀਨ ਵੇਚ ਕੇ ਨਸ਼ੇ ‘ਚ ਪੈਸੇ ਉਡਾ ਰਿਹਾ ਸੀ। ਜ਼ਮੀਨ ਜਾਇਦਾਦ ‘ਚ ਹਿੱਸਾ ਮੰਗਣ ‘ਤੇ ਉਹ ਝਗੜਾ ਕਰਦਾ ਸੀ। ਇਸੇ ਗੱਲ ਨੂੰ ਲੈ ਕੇ ਕੁਝ ਦਿਨ ਪਹਿਲਾਂ ਵੀ ਦੋਹਾਂ ਦਰਮਿਆਨ ਝਗੜਾ ਹੋਇਆ। ਅੰਮ੍ਰਿਤਪਾਲ ਨੇ 2 ਅਗਸਤ ਦੀ ਰਾਤ ਨੂੰ ਸੁਖਜੀਤ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਨਸ਼ੇ ‘ਚ ਸੀ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਆਪਣੀ ਛੋਟੀ ਬੇਟੀ ਨੂੰ ਵੀ ਕਮਰੇ ਤੋਂ ਚੁੱਕ ਕੇ ਛੱਤ ‘ਤੇ ਆਪਣੀ ਮਾਂ ਕੋਲ ਸੁਆ ਦਿੱਤਾ ਅਤੇ ਫਿਰ ਦਾਤਰ ਨਾਲ ਉਸ ਨੂੰ ਮਾਰ ਦਿੱਤਾ।

Send this to a friend