ਬਠਿੰਡਾ, 26 ਅਪ੍ਰੈਲ (ਅਮਰਜੀਤ ਸਿੰਘ ਸਿੱਧੂ)- ਬਠਿੰਡਾ ਜ਼ਿਲ੍ਹੇ ਅੰਦਰ ਕਣਕ ਖਰੀਦ ਮਾਮਲੇ ਵਿੱਚ ਪਿਛਲੇ ਹਫਤੇ ਦੇ ਮੁਕਾਬਲੇ ਕਾਫੀ ਸੁਧਾਰ ਦੇਖਣ ਵਿੱਚ ਆਇਆ ਹੈ। ਪ੍ਰੰਤੂ ਵੱਖ ਵੱਖ ਖਰੀਦ ਅਦਾਰਿਆ ਵੱਲੋਂ ਖਰੀਦੀ ਗਈ ਕਣਕ ਦੀ ਫਸਲ ਦੀ ਲਿਫਟਿੰਗ ਵਿੱਚ ਕੋਈ ਵਰਨਣਯੋਗ ਸੁਧਾਰ ਨਹੀਂ ਹੋ ਸਕਿਆ ਜਿਸ ਕਰਕੇ ਦਾਣਾ ੍ਰਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਨਜ਼ਰ ਆਉਦੇ ਹਨ। ਇਸ ਸਥਿਤੀ ਵਿੱਚ ਖੇਤਾਂ ਵਿੱਚੋਂ ਮੰਡੀਆਂ ਵਿੱਚ ਵਿਕਣ ਲਈ ਆ ਰਹੀ ਕਣਕ ਨੂੰ ਢੇਰੀ ਕਰਨ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਪੰਜਾਬ ਸਰਕਾਰ ਦੇ ਦਖਲ ਪਿੱਛੋਂ ਹੜਤਾਲ ਤੇ ਚੱਲ ਰਹੇ ਪੱਲੇਦਾਰ ਭਾਵੇਂ ਕੰਮ ਤੇ ਮੁੜ ਆਏ ਹਨ। ਲੇਕਿਨ ਮਜਦੂਰਾਂ ਦੀ ਕਮੀ ਕਰਕੇ ਗੋਦਾਮਾਂ ਅੱਗੇ ਕਣਕ ਦੀਆਂ ਬੋਰੀਆਂ ਦੇ ਭਰੇ ਟਰੱਕਾਂ ਦੀਆਂ ਲਾਇਨਾਂ
ਲੱਗੀਆਂ ਹੋਈਆਂ ਹਨ। ਟਰੱਕ ਖਾਲੀ ਹੋਣ ਵਿੱਚ ਦੇਰੀ ਹੋਣ ਕਰਕੇ ਕਣਕ ਦੀ ਲਿਫ਼ਟਿੰਗ ਦੀ ਸਮੱਸਿਆ ਬਣੀ ਹੋਈ ਹੈ। ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਵੇਖਦਿਆਂ ਮੰਡੀਆਂ ਦੇ ਪੱਕੇ ਫੜ ਛੋਟੇ ਪੈਂਦੇ ਨਜ਼ਰ ਆ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਕੱਚੀਆਂ ਥਾਵਾਂ ਉੱਪਰ ਹੀ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਲਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਂ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਪੂਰੇ ਜੋਰਾਂ ਉੱਪਰ ਚੱਲ ਰਿਹਾ ਹੈ। ਪਰ ਵਿਕੀ ਹੋਈ ਕਣਕ ਦੀ ਅਦਾਇਗੀ ਨਾ ਹੋਣ ਕਰਕੇ ਆੜ੍ਹਤੀਆਂ ਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਨੇ ਫਸਲ ਵਿਕਣ ਤੋਂ 48 ਘੰਟਿਆਂ ਅੰਦਰ ਅੰਦਰ ਕਣਕ ਦੀ ਵਿਕੀ ਫਸਲ ਦੀ ਅਦਾਇਗੀ ਕੀਤੇ ਜਾਣ ਦਾ ਵਾਅਦਾ ਕੀਤਾ ਸੀ। ਪਰ ਬਠਿੰਡਾ ਜਿਲ੍ਹੇ ਅੰਦਰ ਕਿਸਾਨਾਂ ਨੂੰ ਇਸ ਸੀਜਣ ਦੀ ਪਹਿਲੀ ਅਦਾਇਗੀ ਵੀ ਨਹੀਂ ਹੋ ਸਕੀ। ਜਿਲ੍ਹੇ ਅੰਦਰ 25 ਅ੍ਰਪੈਲ ਤੱਕ ਵਿਕੀ ਕਣਕ ਦੀ ਅਦਾਇਗੀ ਤਿੰਨ ਸੌ ਕਰੋੜ ਰੁਪਏ ਤੋਂ ਵੀ ਜਿਆਦਾ ਬਣਦੀ ਹੈ। ਪਰ ਕਿਸੇ ਵੀ ਖਰੀਦ ਏਜੰਸੀ ਨੇ ਆੜ੍ਹਤੀਆਂ ਨੂੰ ਵਿਕੀ ਕਣਕ ਦੀ ਫਸਲ ਦਾ ਕੋਈ ਪੈਸਾ ਨਹੀਂ ਦਿੱਤਾ।
ਆੜ੍ਹਤ ਦਾ ਕੰਮ ਕਰਨ ਵਾਲੇ ਗੁਰਬੰਸ ਸਿੰਘ ਦਾ ਕਹਿਣਾ ਸੀ ਕਿ ਸਮੇਂ ਸਿਰ ਅਦਾਇਗੀ ਨਾ ਹੋਣ ਕਰਕੇ ਉਨ੍ਹਾਂ ਨੂੰ ਕਿਸਾਨਾਂ ਦੀਆਂ ਤੱਤੀਆਂ ਠੰਡੀਆਂ ਸੁਨਣੀਆਂ ਪੈ ਰਹੀਆਂ ਹਨ। ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਏਪੀ ਸਿੰਘ ਨੇ ਦੱਸਿਆ ਕਿ ਕਣਕ ਦੀ ਅਦਾਇਗੀ ਦਾ ਕੰਮ 27 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਕਿਉਕਿ ਖਰੀਦ ਦੇ ਪਹਿਲੇ ਗੇੜ ਦੌਰਾਨ ਅਦਾਇਗੀ ਕੁੱਝ ਲੇਟ ਹੋ ਜਾਂਦੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਕਣਕ ਵੇਚਣ ਲਈ ਪਹਿਲਾਂ ਕਈ ਕਈ ਦਿਨ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਹੁਣ ਵਿਕੀ ਕਣਕ ਦੀ ਅਦਾਇਗੀ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨੀ ਦੀ ਹਾਲਤ ਵਿੱਚੋਂ ¦ਘ ਰਹੇ ਹਨ। ਉਧਰ ਪੈਸਾ ਹੱਥ ਵਿੱਚ ਨਾ ਆਉਣ ਕਰਕੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦਾ ਕੰਮ ਵੀ ਪਛੜ ਰਿਹਾ ਹੈ।
ਪੰਜਾਬ ਮੰਡੀ ਬੋਰਡ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਹੁਣ ਤੱਕ 4,49,791 ਮੀਟਰਕ ਟਨ ਕਣਕ ਵਿਕਣ ਲਈ ਪੁੱਜੀ ਹੈ, ਜਿਸ ਵਿਚੋਂ ਸਿਰਫ਼ 3,38,212 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 1,64,337 ਮੀਟਰਕ ਟਨ ਕਣਕ ਦੀ ਹੀ ਲਿਫ਼ਟਿੰਗ ਹੋਈ ਹੈ। ਜਦੋਂਕਿ ਦਾਣਾ ਮੰਡੀਆਂ ਵਿੱਚ ਅਜੇ ਵੀ 2,85,454 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਹੋਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਦਾਣਾ ਮੰਡੀਆਂ ਅੰਦਰ 1,21,579 ਮੀਟਰਿਕ ਟਨ ਕਣਕ ਦੀ ਖਰੀਦ ਨਹੀਂ ਹੋ ਸਕੀ। । ਜ਼ਿਲ੍ਹੇ ਦੀ ਰਾਮਪੁਰਾ ਫੂਲ ਦੀ ਮਾਰਕਿਟ ਕਮੇਟੀ ਅਧੀਨ ਆਉਦੀਆਂ ਦਾਣਾ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਅਜੇ ਵੀ 51,148 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਨਹੀਂ ਹੋ ਸਕੀ। ਇਸ ਤਰ੍ਹਾਂ ਬਠਿੰਡਾ ਮਾਰਕਿਟ ਕਮੇਟੀ ਅਧੀਨ 21,820, ਭੁੱਚੋ ਅਧੀਨ 35,725, ਗੋਨਿਆਣਾ ਵਿੱਚ 35,33, ਸੰਗਤ ਮੰਡੀ 15,163 ਮੌੜ ਮੰਡੀ 25,330, ਰਾਮਾਂ 26,181 ਅਤੇ ਤਲਵੰਡੀ ਸਾਬੋ ਮਾਰਕਿਟ ਕਮੇਟੀ ਅਧੀਨ ਆਉਦੇ ਖਰੀਦ ਕੇਂਦਰਾਂ ਵਿੱਚ 37,009 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਹੋਣੀ ਅਜੇ ਬਾਕੀ ਹੈ।