ਗੁਰੂਹਰਸਹਾਏ, 24 ਅਪ੍ਰੈਲ (ਮਹਿੰਦਰ ਸਿੰਘ ਥਿੰਦ)- ਸਥਾਨਕ ਸ਼ਹਿਰ ਦੇ ਪਿੰਡ ਸਰੂਪ ਸਿੰਘ ਵਾਲਾ ਵਿਖੇ ਸਥਿਤ ਨਰੂਲਾ ਫੂਡਜ਼ ਪ੍ਰਾਈਵੇਟ ਲਿਮਟਿਡ ਇੰਡਸਟਰੀ ’ਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੰਡਸਟਰੀ ਦੇ ਮਾਲਕ ਰਵੀ ਨਰੂਲਾ ਅਤੇ ਅਸ਼ੋਕ ਨਰੂਲਾ ਨੇ ਦੱਸਿਆ ਕਿ ਇੰਡਸਟਰੀ ਅੰਦਰ ਲੱਗੀ ਕਰੀਬ 20 ਕਰੋੜ ਰੁਪਏ ਦੀ ਮਸ਼ੀਨਰੀ ਅਤੇ ਇੰਡਸਟਰੀ ਅੰਦਰ ਕਨਟੇਨਰਾਂ ’ਚ ਲਗਭਗ 20 ਕਰੋੜ ਰੁਪਏ ਦਾ ਪਿਆ ਕੱਚਾ ਰਿਫਾਇੰਡ ਤੇਲ ਸੜ੍ਹ ਕੇ ਸੁਆਹ ਹੋ ਗਿਆ। ਉਹਨਾਂ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਇੰਡਸਟਰੀ ’ਚ ਬਿਜਲੀ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਦੇਖਦੇ ਹੋਏ ਆਸ-ਪਾਸ ਦੇ ਲੋਕਾਂ ਨੇ ਇੰਡਸਟਰੀ ਦੇ ਅੰਦਰ ਮੁਲਾਜ਼ਮਾਂ ਨੂੰ ਉਠਾਇਆ। ਮੌਕੇ ’ਤੇ ਪੁੱਜੇ ਇੰਡਸਟਰੀ ਮਾਲਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੱਧਦੀ ਅੱਗ ਨੂੰ ਦੇਖਦਿਆਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ
ਅੱਗ ਬੁਝਾਉਣ ਲਈ ਫਿਰੋਜ਼ਪੁਰ, ਫਾਜਿਲਕਾ, ਅਬੋਹਰ, ਮੁਕਤਸਰ, ਕੋਟਕਪੂਰਾ, ਮੋਗਾ, ਫਰੀਦਕੋਟ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਗੱਡੀਆਂ ਪੁੱਜ ਗਈਆਂ। ਲੱਗੀ ਅੱਗ ਇੰਨੀ ਜਬਰਦਸਤ ਸੀ ਕਿ ਅੱਗ ਦੀਆਂ ਲਪਟਾਂ ਪੂਰੇ ਸ਼ਹਿਰ ਅੰਦਰ ਦਿਖਾਈ ਦੇ ਰਹੀਆਂ ਸਨ ਅਤੇ ਆਸ ਪਾਸ ਰਹਿੰਦੇ ਘਰਾਂ ਦੇ ਲੋਕ ਆਪਣੇ ਘਰ ਛੱਡ ਕੇ ਦੂਰ ਚਲੇ ਗਏ ਅਤੇ ਅੱਗ ਦੇ ਧੂੰਏ ਨਾਲ ਪੂਰਾ ਆਸਮਾਨ ਭਰ ਚੁੱਕਿਆ ਸੀ। ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੂੰ ਅੱਗ ’ਤੇ ਕਾਬੂ ਪਾਉਣ ’ਤੇ ਲਗਭਗ 7 ਘੰਟਿਆਂ ਤੱਕ ਜੱਦੋ-ਜਹਿਦ ਕਰਨੀ ਪਈ ਪਰੰਤੂ ਅੱਗ ’ਤੇ ਕਾਬੂ ਪਾਉਣ ਤੋਂ ਪਹਿਲਾਂ ਇੰਡਸਟਰੀ ’ਚ ਲੱਗੀ ਕਰੋੜਾਂ ਰੁਪਏ ਦੀ ਮਸ਼ੀਨਰੀ ਅਤੇ ਕਰੋੜਾਂ ਰੁਪਏ ਦਾ ਕੱਚਾ ਰਿਫਾਇੰਡ ਤੇਲ ਸੜ ਕੇ ਸੁਆਹ ਹੋ ਚੁੱਕਾ ਸੀ।
ਇਸ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਇੰਡਸਟਰੀ ਮਾਲਕਾਂ ਵੱਲੋਂ ਅੱਗ ’ਤੇ ਕਾਬੂ ਪਾਉਣ ਦੇ ਉਪਰਾਲੇ ਕੀਤੇ ਗਏ ਪਰ ਅੱਗ ਤੇਜ ਹੋਣ ਕਾਰਨ ਇੰਡਸਟਰੀ ਮਾਲਕ ਫਾਇਰ ਬ੍ਰਿਗੇਡ ਦਫ਼ਤਰ ਫ਼ੋਨ ਕਰਕੇ ਗੱਡੀਆਂ ਮੰਗਵਾਈਆਂ, ਜੋ ਕਰੀਬ ਇਕ ਘੰਟੇ ਬਾਅਦ ਪਹੁੰਚੀਆਂ। ਇੰਡਸਟਰੀ ਮਾਲਕਾਂ ਨੇ ਅੱਗ ਲੱਗਣ ਨਾਲ ਹੋਏ ਨੁਕਸਾਨ ਦੀ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਗੁਰੂਹਰਸਹਾਏ ਅੰਦਰ ਫਾਇਰ ਬ੍ਰਿਗੇਡ ਦੀ ਘਾਟ ਹੋਣ ਕਾਰਨ ਪਹਿਲਾਂ ਵੀ ਅਜਿਹੀਆਂ ਘਟਨਾਵਾਂ ’ਚ ਵੱਡੇ ਨੁਕਸਾਨ ਹੋ ਚੁੱਕੇ ਹਨ। ਇਲਾਕਾ ਨਿਵਾਸੀਆਂ ਮੰਗ ਕੀਤੀ ਕਿ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਸਹੂਲਤ ਦਿੱਤੀ ਜਾਵੇ ਤਾਂ ਅਜਿਹੀਆਂ ਘਟਨਾਵਾਂ ’ਤੇ ਜਲਦ ਕਾਬੂ ਪਾ ਕੇ ਜ਼ਿਆਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ।