April 25, 2026 2:36 pm

ਸੁਖਬੀਰ ਬਾਦਲ ਵੱਲੋਂ ਗਡਕਰੀ ਨਾਲ ਮੁਲਾਕਾਤ ਪੰਜਾਬ ਦੇ ਸੜਕੀ ਪ੍ਰੋਜੈਕਟਾਂ ਦੀ ਸਮਾਂ ਸੀਮਾ ਤੈਅ ਕੀਤੀ

,,,,,jjjjk ਜਲੰਧਰ/ਨਵੀਂ ਦਿੱਲੀ/ ਚੰਡੀਗੜ੍ਹ, 24 ਅਪ੍ਰੈਲ- ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸੜਕੀ ਆਵਾਜਾਈ ਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਦੌਰਾਨ ਸ੍ਰੀ ਗਡਕਰੀ ਨੇ ਜਿੱਥੇ ਪੰਜਾਬ ਦੇ ਸੜਕੀ ਪ੍ਰੋਜੈਕਟਾਂ ਬਾਰੇ ਸਮਾਂ ਸੀਮਾਂ ਤੈਅ ਕੀਤੀ ਉਥੇ ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ) ਨੂੰ ਬੰਗਾ-ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਰਾਜ ਮਾਰਗ ਨੂੰ ਕੌਮੀ ਮਾਰਗ ਐਲਾਨਣ ਸਬੰਧੀ ਜਲਦ ਤਜਵੀਜ਼ ਪੇਸ਼ ਕਰਨ ਲਈ ਵੀ ਕਿਹਾ। ਨਵੀਂ ਦਿੱਲੀ ਵਿਖੇ ਅੱਜ ਹੋਈ ਇਸ ਮੀਟਿੰਗ ਦੌਰਾਨ ਉਪ ਮੁੁੱਖ ਮੰਤਰੀ ਨੇ ਕੇਂਦਰੀ

ਮੰਤਰੀ ਨਾਲ ਰਾਜ ਦੇ ਨਿਰਮਾਣ ਹੋਣ ਵਾਲੇ ਸੜਕੀ ਪ੍ਰੋਜੈਕਟਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ। ਇੰਨ੍ਹਾਂ ਪ੍ਰੋਜੈਕਟਾਂ ’ਚ ਮੁੱਖ ਤੌਰ ’ਤੇ ਐਨ.ਐਚ-95 ਦੇ ਚੰਡੀਗੜ੍ਹ-ਖਰੜ-ਲੁਧਿਆਣਾ ਹਿੱਸੇ ਨੂੰ 4 ਤੋਂ 6 ਮਾਰਗੀ ਕਰਨ, ਅੰਮ੍ਰਿਤਸਰ ਬਾਈਪਾਸ (ਐਨ.ਐਚ.-1) ਨੂੰ ਅਟਾਰੀ ਸਰਹੱਦ ਤੱਕ ਅਪਗ੍ਰੇਡ ਕਰਨ, ਰੋਪੜ-ਫਗਵਾੜਾ ਸੜਕ ਨੂੰ ਚੌੜਾ ਕਰਨ, ਬੰਗਾ-ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਸੜਕ ਨੂੰ ਕੌਮੀ ਮਾਰਗ ਵਜੋਂ ਨਿਰਮਤ ਕਰਨ ਸਮੇਤ ਲੁਧਿਆਣਾ ’ਚ ਸਮਰਾਲਾ ਚੌਂਕ ਤੋਂ ਨਗਰ ਨਿਗਮ ਦੀ ਹੱਦ ਤੱਕ (ਐਨ.ਐਚ-95) ਐਲੀਵੇਟਿਡ ਸੜਕ ਅਤੇ 5 ਰੇਲਵੇ ਓਵਰ ਬ੍ਰਿਜਾਂ ਦਾ ਨਿਰਮਾਣ ਸ਼ਾਮਿਲ ਹੈ।
ਉਪ ਮੁੱਖ ਮੰਤਰੀ ਨੇ ਸ੍ਰੀ ਗਡਕਰੀ ਨੂੰ ਦੱਸਿਆ ਕਿ ਚੰਡੀਗੜ੍ਹ-ਲੁਧਿਆਣਾ ਸੜਕ ਸਬੰਧੀ ਐਨ.ਐਚ.ਏ.ਆਈ. ਵੱਲੋਂ ਉਠਾਏ ਨੁਕਤਿਆਂ ਦੀ ਦੁਰਸਤੀ ਉਪਰੰਤ 26 ਮਾਰਚ ਨੂੰ ਮੁੜ ਕੇਂਦਰੀ ਮੰਤਰਾਲੇ ਨੂੰ ਤਜਵੀਜ਼ ਸੌਂਪ ਦਿੱਤੀ ਹੈ। ਸ. ਬਾਦਲ ਦੀ ਬੇਨਤੀ ’ਤੇ ਕੇਂਦਰੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸੜਕ ਦੇ ਨਿਰਮਾਣ ਦਾ ਕੰਮ 31 ਜੁਲਾਈ ਤੱਕ ਸੌਂਪਣ ਦੇ ਆਦੇਸ਼ ਦਿੱਤੇ ਗਏ ਹਨ।
ਬੰਗਾ-ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਦੇ ਮੁੱਦੇ ਬਾਰੇ ਸ. ਬਾਦਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸੜਕ ਧਾਰਮਿਕ ਤੇ ਇਤਿਹਾਸਕ ਮਹੱਤਵ ਵਾਲੇ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਅਤੇ ਹਿਮਾਚਲ ’ਚ ਸ੍ਰੀ ਨੈਣਾ ਦੇਵੀ ਵਿਖੇ ਪਹੁੰਚਣ ਲਈ ਅਹਿਮ ਮਾਰਗ ਹੈ। ਉੁਨ੍ਹਾਂ ਕਿਹਾ ਕਿ ਨਵਰਾਤਰਿਆਂ, ਹੋਲਾ ਮਹੱਲਾ ਅਤੇ ਵਿਸਾਖੀ ਦੇ ਮੌਕੇ ’ਤੇ ਲੱਖਾਂ ਸ਼ਰਧਾਲੂ ਇਸ ਮਾਰਗ ਰਾਹੀ ਸ੍ਰੀ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਵਿਖੇ ਪਹੁੰਚਦੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਇਸ 60.94 ਕਿਲੋਮੀਟਰ ਲੰਬੀ ਸੜਕ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਦੀ ਤਜਵੀਜ਼ ਕੇਂਦਰ ਨੂੰ ਸੌਂਪੀ ਗਈ ਹੈ। ਇਸ ’ਤੇ ਕੇਂਦਰੀ ਮੰਤਰੀ ਨੇ ਐਨ.ਐਚ.ਆਈ.ਏ. ਦੇ ਮੁੱਖ ਇੰਜੀਨੀਅਰ ਨੂੰ ਇਸ ਸੜਕ ਨੂੰ ਕੌਮੀ ਮਾਰਗ ਐਲਾਨਣ ਸਬੰਧੀ ਤਜਵੀਜ਼ ਜਲਦ ਤੋਂ ਜਲਦ ਸੌਂਪਣ ਲਈ ਕਿਹਾ।
ਸ੍ਰੀ ਗੜਕਰੀ ਨੇ ਉਪ ਮੁੱਖ ਮੰਤਰੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਨਗਰ ਨਿਗਮ ਲੁਧਿਆਣਾ ਦੀ ਹੱਦ ਤੱਕ 12.3 ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਦੇ ਨਿਰਮਾਣ ਦਾ ਕੰਮ ਵੀ ਸਤੰਬਰ ਤੋਂ ਪਹਿਲਾਂ ਸੌਂਪ ਦਿੱਤਾ ਜਾਵੇਗਾ।
ਸ. ਬਾਦਲ ਨੇ ਇਸ ਮੌਕੇ ਅੰਮ੍ਰਿਤਸਰ ਬਾਈਪਾਸ (ਐਨ.ਐਚ.-1) ਤੋਂ ਅਟਾਰੀ ਸਰਹੱਦ ਤੱਕ ਸੜਕ ਨੂੰ ਅਪਗ੍ਰੇਡ ਕਰਦਿਆਂ ਇਸ ਦੇ ਨਾਲ ਸਰਵਿਸ ਰੋਡ, ਲਾਈਟਾਂ ਅਤੇ ਲੈਂਡਸਕੇਪਿੰਗ ਆਦਿ ਵਿਕਸਤ ਕਰਨ ’ਤੇ ਜੋਰ ਦਿੱਤਾ। ਇਸ ’ਤੇ ਕੇਂਦਰੀ ਮੰਤਰੀ ਨੇ ਇਸ ਕੰਮ ਨੂੰ ਮੁਕੰਮਲ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਐਨ.ਐਚ.ਆਈ.ਏ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ’ਤੇ ਜੁਲਾਈ ਤੱਕ ਕੰਮ ਸ਼ੁਰੂ ਕਰ ਦਿੱਤਾ ਜਾਵੇ ਕਿਉਂਕਿ ਇਸ ਕੰਮ ਲਈ ਜਮੀਨ ਪ੍ਰਾਪਤ ਕਰਨ ਦੀ ਲੋੜ ਨਹੀਂ ਹੈ।

ਵੱਖ-ਵੱਖ ਕੌਮੀ ਮਾਰਗਾਂ ’ਤੇ ਰੇਲਵੇ ਓਵਰ ਬ੍ਰਿਜ ਬਨਾਉਣ ਦੀ ਲੋੜ ਸਬੰਧੀ ਵਿਚਾਰ ਚਰਚਾ ਕਰਦਿਆਂ ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਮੰਤਰਾਲੇ ਦੇ ਸਬੰਧਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਲੋੜੀਂਦੇ 5 ਰੇਲਵੇ ਓਵਰ ਬ੍ਰਿਜ ਪ੍ਰੋਜੈਕਟਾਂ ਦਾ ਨਿਰਮਾਣ ਸਾਲ 2015-16 ਦੌਰਾਨ ਮੁਕੰਮਲ ਕੀਤਾ ਜਾਵੇ। ਇੰਨ੍ਹਾਂ ਪ੍ਰੋਜੈਕਟਾਂ ’ਚ ਅੰਮ੍ਰਿਤਸਰ ਵਿਖੇ ਅਪਰ ਬਾਰੀ ਦੁਆਬ ਨਹਿਰ ’ਤੇ, ਫਰੀਦਕੋਟ, ਕੋਟਕਪੂਰਾ, ਬਠਿੰਡਾ ਅਤੇ ਬਰਨਾਲਾ ਵਿਖੇ ਬਨਣ ਵਾਲੇ ਆਰ.ਓ.ਬੀ. ਸ਼ਾਮਿਲ ਹਨ। ਸ੍ਰੀ ਗਡਕਰੀ ਨੇ ਉਪ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਅੰਮ੍ਰਿਤਸਰ ਤੇ ਬਠਿੰਡਾ ਵਿਖੇ ਬਨਣ ਵਾਲੇ ਆਰ.ਓ.ਬੀ. ਦਾ ਜੂਨ ਮਹੀਨੇ ਤੱਕ ਨਿਰਮਾਣ ਕੰਮ ਆਰੰਭ ਹੋ ਜਾਵੇਗਾ ਜਦੋਂ ਕਿ ਬਾਕੀ ਰਹਿੰਦੇ ਪ੍ਰੋਜੈਕਟਾਂ ’ਤੇ ਕੰਮ ਅਕਤੂਬਰ 2015 ਤੋਂ ਬਾਅਦ ਸ਼ੁਰੂ ਹੋ ਸਕੇਗਾ। ਇਸ ਦੌਰਾਨ ਕੇਂਦਰੀ ਮੰਤਰੀ ਨੇ ਕਪੂਰਥਲਾ ਵਿਖੇ ਬਨਣ ਵਾਲੇ ਡਰਾਈਵਿੰਗ, ਜਾਂਚ ਅਤੇ ਸਰਟੀਫਿਕੇਸ਼ਨ ਸਕੂਲ ਨੂੰ ਵੀ ਹਰੀ ਝੰਡੀ ਦਿੱਤੀ। 14 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਇਸ ਸਕੂਲ ’ਚ ਆਟੋਮੇਟਿਡ ਡਰਾਈਵਿੰਗ ਟੈਸਟ ਤੋਂ ਬਾਅਦ 30 ਮਿੰਟਾਂ ਦੇ ਅੰਦਰ-ਅੰਦਰ ਡਰਾਇਵਿੰਗ ਲਾਈਸੰਸ ਜਾਰੀ ਕਰ ਦਿੱਤਾ ਜਾਵੇਗਾ।

ਇਸ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ.ਔਜਲਾ, ਮੁੱਖ ਇੰਜੀਨੀਅਰ ਏ.ਕੇ. ਸਿੰਗਲਾ ਅਤੇ ਐਨ.ਐਚ.ਏ.ਆਈ ਦੇ ਅਧਿਕਾਰੀ ਹਾਜਿਰ ਸਨ।

Send this to a friend