ਸ਼ਿਕਾਇਤ ਨਿਵਾਰਨ ਦੌਰਾਨ 127 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ
ਜਲੰਧਰ/ਚੰਡੀਗੜ੍ਹ, 22 ਅਪ੍ਰੈਲ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਡਿਪਟੀ ਕਮਿਸ਼ਨਰਾਂ ਤੇ ਜਿਲ੍ਹਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪੋ ਆਪਣੇ ਦਫਤਰਾਂ ਵਿਚ ਸਮੇਂ ਸਿਰ ਪਹੁੰਚਣ ਤੇ ਅਨੁਸ਼ਾਸ਼ਨ ਨੂੰ ਯਕੀਨੀ ਬਣਾਉਣ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਹੱਲ ਹੋ ਸਕੇ। ਅੱਜ ਇੱਥੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਕੀਤੇ ਸਮਾਗਮ ਦੌਰਾਨ ਸ . ਬਾਦਲ ਨੇ ਪੁਲਿਸ ਪ੍ਰਸ਼ਾਸ਼ਨ ਦੇ ਮੁਖੀਆਂ ਤੇ ਬਾਕੀ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਫਤਰਾਂ ਵਿਚ ਵੱਧ ਤੋਂ ਵੱਧ ਬੈਠਣ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਕਾਨੂੰਨ ਤੇ ਵਿਵਸਥਾ ਤੇ ਕਿਸੇ ਗੈਰਕਾਨੂੰਨੀ ਕੰਮ ਨੂੰ ਰੋਕਣ ਸਬੰਧੀ ਉੱਚ ਅਧਿਕਾਰੀ ਨਿੱਜੀ ਤੌਰ ’ਤੇ
ਕੇਸਾਂ ਨਾਲ ਡੀਲ ਕਰਨ। ਉਨ੍ਹਾਂ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਵੱਖ-ਵੱਖ ਹੈਲਪ ਲਾਇਨਾਂ ਦਾ ਭਰਪੂਰ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਹੇਠਲੇ ਪੱਧਰ ’ਤੇ ਠੀਕ ਢੰਗ ਨਾਲ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਤੁਰੰਤ ਇਨ੍ਹਾਂ ਹੈਲਪ ਲਾਇਨਾਂ ਰਾਹੀਂ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ।
ਇਸੇ ਦੌਰਾਨ ਸ. ਬਾਦਲ ਨੇ 127 ਤੋਂ ਵੱਧ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਤੇ ਇਸ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨੂੰ ਵਿਸ਼ੇਸ਼ ਤੌਰ ’ਤੇ ਕਿਹਾ ਕਿ ਉਹ ਸਬੰਧਿਤ ਦਫਤਰਾਂ ਵਿਚ ਬਕਾਇਆ ਪਏ ਮਾਮਲਿਆਂ ਨੂੰ ਤੁਰੰਤ ਨਿਪਟਾਉਣ। ਉਨ੍ਹਾਂ ਕਿਹਾ ਕਿ ਲੋਕ ਆਪਣੀ ਕੋਈ ਵੀ ਸ਼ਿਕਾਇਤ ਸੁਕਹਬਰਿਬੳਦੳਲ20140ਗਮੳਲਿ.ਚੋਮ. ’ਤੇ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਵੀ ਭੇਜ ਸਕਦੇ ਹਨ।
ਇਸੇ ਦੌਰਾਨ ਅਕਾਲੀ ਅਕੈਡਮੀ ਚੀਮਾ ਸੰਗਰੂਰ ਦਾ ਇਕ ਵਫਦ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਪਹੁੰਚਿਆ ਜਿਸਨੇ ਅਕਾਲ ਯੂਨੀਵਰਸਿਟੀ ਨੂੰ ਪ੍ਰਵਾਨਗੀ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਦੇ ਪ੍ਰਬੰਧਕਾਂ ਵਲੋਂ ਵੀ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਗਈ। ਵਫਦ ਵਿਚ ਪ੍ਰਧਾਨ ਰਾਜੇਸ਼ ਅਗਰਵਾਲ, ਰਾਕੇਸ਼ ਗੋਇਲ, ਪ੍ਰਵੀਨ ਸਿੰਗਲਾ, ਸੰਦੀਪ ਮੋਦੀ, ਸੁਨੀਲ ਗੋਇਲ, ਵਿਕਾਸ ਗੁਪਤਾ ਤੇ ਦੀਪਕ ਰੱਤੜਾ ਸ਼ਾਮਿਲ ਸਨ।