ਮੁਲਾਜ਼ਮਾਂ ਨੂੰ ਹੜਤਾਲ ਖਤਮ ਕਰਕੇ ਡਿਊੁਟੀ ’ਤੇ ਪਰਤਣ ਦੀ ਅਪੀਲ
ਜਲੰਧਰ/ਚੰਡੀਗੜ੍ਹ, 18 ਅਪ੍ਰੈਲ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੌਮੀ ਸਿਹਤ ਮਿਸ਼ਨ ਦੇ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਤਨਖਾਹ ਤੇ ਹੋਰ ਮਸਲੇ ਕੇਂਦਰੀ ਸਿਹਤ ਮੰਤਰੀ ਨਾਲ ਉਠਾਏ ਜਾਣਗੇ। ਮੁਲਾਜ਼ਮਾਂ ਦੀ ਜਥੇਬੰਦੀ ਦੀ ਕੋਰ ਕਮੇਟੀ ਨਾਲ ਮੀਟਿੰਗ ਦੌਰਾਨ ਹੜਤਾਲੀ ਮੁਲਾਜ਼ਮਾਂ ਨੂੰ ਹੜਤਾਲ ਖਤਮ ਕਰਕੇ ਡਿਊਟੀਆਂ ’ਤੇ ਪਰਤਣ ਦੀ ਅਪੀਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਕੇਂਦਰੀ ਸਿਹਤ ਮੰਤਰੀ ਨੂੰ ਨਿੱਜੀ ਤੌਰ ’ਤੇ ਬੇਨਤੀ ਕਰਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਕਹਿਣਗੇ ਕਿਉਂਕਿ ਇਨ੍ਹਾਂ ਵਲੋਂ ਸਿਹਤ ਖੇਤਰ ਦੀਆਂ ਸੇਵਾਵਾਂ ਵਿਚ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਵਲੋਂ ਤਨਖਾਹ ਦਾ 75 ਫੀਸਦੀ ਹਿੱਸਾ ਦਾ ਦਿੱਤਾ ਜਾ ਰਿਹਾ ਹੈ, ਜਦਕਿ ਬਾਕੀ ਪੰਜਾਬ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ
ਵਲੋਂ ਵਧਾਈ ਤਨਖਾਹ ਦੇ ਅਨੁਪਾਤ ਨਾਲ ਮੁਲਾਜ਼ਮਾਂ ਦੀ ਤਨਖਾਹ ਵਿਚ ਵਾਧਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਅਤੇ ਉਨਾਂ ਵਲੋਂ ਸਿਹਤ ਵਿਭਾਗ ਨੂੰ ਐਨ.ਐਚ.ਐਮ. ਦੇ ਮੁਲਾਜ਼ਮਾਂ ਦੀਆਂ੍ਯ ਮੰਗਾਂ ਲਈ ਵਿਸਥਾਰਤ ਰਿਪੋਰਟ ਤਿਆਰ ਕਰਕੇ ਕੇਂਦਰੀ ਸਿਹਤ ਮੰਤਰਾਲੇ ਨੂੰ ਸੌਂਪੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਮਸਲਿਆਂ ਦਾ ਹੱਲ ਹੋ ਸਕੇ।
ਮੀਟਿੰਗ ਦੌਰਾਨ ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ, ਕੋਰ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਡੀ.ਪੀ.ਐਮ. ਮਾਨਸਾ ਦੇ ਪ੍ਰਧਾਨ, ਨਵਨੀਤ ਕੌਰ, ਨਿੰਦਰ ਕੌਰ, ਬਲਵਿੰਦਰ ਕੁਮਾਰ, ਨਰਿੰਦਰ ਕੁਮਾਰ ਤੇ ਕਿਰਨਜੀਤ ਕੌਰ ਹਾਜ਼ਰ ਸਨ।