ਚੰਡੀਗੜ੍ਹ 17 ਅਪ੍ਰੈਲ (ਪੀ. ਟੀ.)- ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ੍ਰੀ ਰਾਮ ਬਿਲਾਸ ਪਾਸਵਾਨ ਵੱਲੋਂ 16 ਅਪ੍ਰੈਲ ਦੁਪਹਿਰ 12:00 ਵਜੇ ਨਵੀਂ ਦਿੱਲੀ ਵਿਖੇ ਖੰਡ ਉਦਯੋਗ ਅਤੇ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਤਹਿਤ ਮੀਟਿੰਗ ਵਿੱਚ ਭਾਗ ਲਿਆ। ਇਸ ਮੀਟਿੰਗ ਵਿਚ ਵੱਖ-ਵੱਖ ਰਾਜਾਂ ਦੇ ਖੇਤੀਬਾੜੀ ਮੰਤਰੀ ਆਪਣੇ-ਆਪਣੇ ਰਾਜ ਦੀ ਨੁਮਾਇੰਦਗੀ ਕਰਨ ਲਈ ਹਾਜ਼ਰ ਸਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਪੰਜਾਬ, ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਕੱਢ ਕੇ ਹੋਰ ਫਸਲਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰਾਜ ਵਿੱਚ ਇਸ ਸਾਲ 2‚ ਗੰਨੇ ਦੀ ਬਿਜਾਈ ਕੀਤੀ ਗਈ ਸੀ।
ਕੌਮਾਂਤਰੀ ਮੰਡੀ ਵਿੱਚ ਖੰਡ ਦੇ ਭਾਅ ਘਟਣ ਕਰਕੇ ਖੰਡ ਮਿਲਾਂ ਘਾਟੇ ਵਿਚ ਚੱਲ ਰਹੀਆਂ ਹਨ। ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਕੇਂਦਰੀ ਮੰਤਰੀ ਨੂੰ ਭਾਰਤ ਸਰਕਾਰ ਵੱਲੋਂ ਖੰਡ ਮਿਲਾਂ ਤੇ ਲਗਾਈ ਜਾਂਦੀ ਐਕਸਾਈਜ਼ ਡਿਊਟੀ ਨੂੰ ਘਟਾ ਕੇ ਰਾਜ ਦੀ ਮਦਦ ਕਰਨ ਲਈ ਕਿਹਾ। ਇਸ ਸਮੇਂ ਰਾਜ ਵਿੱਚ 16 ਖੰਡ ਮਿਲਾਂ ਹਨ ਅਤੇ ਕਿਸਾਨਾਂ ਦਾ ਉਹਨਾਂ ਮਿੱਲਾਂ ਵੱਲ 682 ਕਰੋੜ ਰੁਪਿਆ ਬਕਾਇਆ ਹੈ। ਇਸ ਸਮੇਂ ਸਮੁੱਚੇ ਭਾਰਤ ਵਿੱਚ ਕਿਸਾਨਾਂ ਦਾ 19 ਹਜਾਰ ਕਰੋੜ ਰੁਪਿਆ ਮਿੱਲਾਂ ਵੱਲ ਬਕਾਇਆ ਖੜਾ ਹੈ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਗੰਨੇ ਤੋਂ ਮਾਰਕੀਟ ਫੀਸ ਅਤੇ ਆਰ. ਡੀ.ਐਫ. (ਰੂਰਲ ਡਿਵੈਲਪਮੈਂਟ ਫੰਡ) ਮਾਫ ਕੀਤਾ ਹੋਇਆ ਹੈ। ਉਹਨਾਂ ਨੇ ਮੀਟਿੰਗ ਦੌਰਾਨ ਰਾਜ ਦੇ ਕਿਸਾਨਾਂ ਦਾ ਦੂਜਾ ਪੱਖ ਰੱਖਦੇ ਹੋਏ ਬੇਮੌਸਮੀ ਬਾਰਸ਼ ਕਾਰਨ ਕਣਕ ਵਿਚ ਵਧੀ ਸਿੱਲ੍ਹ ਨੂੰ ਮੁੱਖ ਰੱਖਦੇ ਹੋਏ ਕਣਕ ਦੀ ਖਰੀਦ ਸਮੇਂ 15‚ ਨਮੀ ਤੋਂ ਵੱਧ ਨਮੀ ਵਾਲੀ ਕਣਕ ਖਰੀਦਣ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ ਭਾਰੀ ਬਾਰਸ਼ਾਂ ਕਾਰਨ ਕਣਕ ਦੇ ਰੰਗ ਵਿਚ ਆਈ ਤਬਦੀਲੀ ਦੀ ਪ੍ਰਤੀਸ਼ਤਤਾ ਵਧਾਉਣ ਲਈ ਵੀ ਕਿਹਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਖੇਤੀਬਾੜੀ ਅਤੇ ਵੱਖ-ਵੱਖ ਰਾਜਾਂ ਤੋਂ ਆਏ ਖੇਤੀਬਾੜੀ ਮੰਤਰੀ ਅਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਆਈਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।