April 24, 2026 7:52 am

ਸੁਖਬੀਰ ਬਾਦਲ ਵੱਲੋਂ ਯੂਥ ਅਕਾਲੀ ਦਲ ਅਤੇ ਐਸ. ਓ. ਆਈ. ਨੂੰ ਸਮਾਜਿਕ ਚੇਤਨਾ ਲਈ ਜੁਟ ਜਾਣ ਦਾ ਸੱਦਾ

ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਜਥੇਬੰਦੀਆਂ ਦੇ ਲੜਕੀਆਂ ਦੇ ਵਿੰਗ ਬਣਨਗੇ
ਜਲੰਧਰ/ਚੰਡੀਗੜ੍ਹ, 17 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਅਤੇ ਐਸ.ਓ.ਆਈ ਦੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨੌਜਵਾਨਾ ਦੇ ਹਿੱਤਾਂ ਦੀ ਪੂਰਤੀ ਲਈ ਪੰਜਾਬ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਜਿਸ ਤਹਿਤ ਵਿਦਿਆਰਥੀਆਂ ਨੂੰ ਰਾਜ ਸਰਕਾਰ ਦੀਆਂ ਵੱਖ-ਵੱਖ ਵਜ਼ੀਫਾ ਅਤੇ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਅੱਜ ਇਥੇ ਯੂਥ ਅਕਾਲੀ ਦਲ ਅਤੇ ਐਸ.ਓ.ਆਈ ਦੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਯੋਗ ਲਾਭਪਾਤਰੀਆਂ ਤੱਕ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਜਾਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ। ਉਨ੍ਹਾਂ ਨੇ ਐਸ.ਓ.ਆਈ ਨੂੰ ਨਵੀਂ ਵੈਬਸਾਈਟ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇੰਟਰਨੈਟ ਰਾਹੀਂ ਲੱਖਾਂ ਵਿਦਿਆਰਥੀਆਂ ਤੱਕ ਅਸਾਨੀ ਨਾਲ ਜਲਦ ਪਹੁੰਚ ਕੀਤੀ

ਜਾ ਸਕਦੀ ਹੈ। ਸਿੱਖਿਆ ਸੰਸਥਾਵਾਂ ਵਿਚ ਲੜਕੀਆਂ ਦੇ ਵਿੰਗ ਬਣਾਉਣ ਦੇ ਹੁਕਮ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅਜਿਹੇ ਯੂਨਿਟਾਂ ਦੀ ਸਥਾਪਨਾ ਕੀਤੀ ਜਾਵੇ। ਨਸ਼ਿਆਂ ਦੀ ਵਰਤੋਂ ਵਿਰੁੱਧ ਜਾਗਰੂਕਤਾ ਪੈਦਾ ਲਈ ਸ. ਬਾਦਲ ਨੇ ਦੋਹਾਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ‘ਨੋ ਟੂ ਡਰੱਗਜ਼’ (ਨਸ਼ਿਆਂ ਨੂੰ ਨਾਂਹ) ਦੇ ਨਾਅਰੇ ਹੇਠ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚੇਤੰਨ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਵਿਰੁੱਧ 25 ਅਪਰੈਲ ਨੂੰ ਲੁਧਿਆਣਾ ਵਿਖੇ ਸਾਈਕਲ ਰੈਲੀ ਕੀਤੀ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਅਗਲੇ 2 ਮਹੀਨਿਆਂ ਦੌਰਾਨ ਯੂਥ ਅਕਾਲੀ ਦਲ ਅਤੇ ਐਸ.ਓ.ਆਈ ਜਥੇਬੰਦੀ ਵੱਲੋਂ ਮੈਂਬਰਸ਼ਿਪ ਮੁਹਿੰਮ ਤੇਜ਼ ਕੀਤੀ ਜਾਵੇ ਜਿਸ ਤਹਿਤ ਸੋਸ਼ਲ ਮੀਡੀਆ ਰਾਹੀਂ ਸਿਰਫ ਸਾਫ-ਸੁਥਰੇ ਅਕਸ ਵਾਲੇ ਨੌਜਵਾਨਾਂ ਨੂੰ ਇਨ੍ਹਾਂ ਜੱਥੇਬੰਦੀਆਂ ਨਾਲ ਜੋੜਿਆ ਜਾਵੇ। ਉਨ੍ਹਾਂ ਨੇ ਯੂਥ ਅਕਾਲੀ ਦਲ ਦੇ ਜ਼ੋਨਲ ਪ੍ਰਧਾਨਾਂ ਨੂੰ 11 ਮਈ ਤੋਂ 15 ਜੁਲਾਈ ਤੱਕ ਮੈਂਬਰਸ਼ਿਪ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਐਸ.ਓ.ਆਈ ਨੂੰ 15 ਅਗਸਤ ਤੋਂ 15 ਸਤੰਬਰ ਤੱਕ ਮੈਂਬਰਸ਼ਿਪ ਮੁਹਿੰਮ ਚਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਵੀ ਇਸ ਮੁਹਿੰਮ ਦੀ ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ ਸ. ਬਾਦਲ ਨੇ ਦੋਹਾਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਪਾਸੇ ਲਾਉਣ ਲਈ ਅੰਤਰ-ਜੋਨ ਖੇਡ ਮੁਕਾਬਲੇ ਕਰਵਾਉਣ। ਮੀਟਿੰਗ ਦੌਰਾਨ ਮੁੱਖ ਤੌਰ ’ਤੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਸ. ਸ਼ਰਨਜੀਤ ਸਿੰਘ ਢਿਲੋਂ, ਐਸ.ਓ.ਆਈ ਦੇ ਕੋਆਰਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ, ਆਈ.ਟੀ ਸੈਲ ਦੇ ਇੰਚਾਰਜ ਪਰਮਿੰਦਰ ਸਿੰਘ ਬਰਾੜ, ਯੂਥ ਅਕਾਲੀ ਦਲ ਦੇ ਮਾਲਵਾ ਜੋਨ-1 ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ, ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਮਾਲਵਾ ਜ਼ੋਨ-3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ, ਦੋਆਬਾ ਖੇਤਰ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਐਸ.ਓ.ਆਈ ਦੇ ਮਾਲਵਾ ਜੋਨ ਦੇ ਪ੍ਰਧਾਨ ਰੋਬਿਨ ਬਰਾੜ, ਦੋਆਬਾ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਮਾਲਵਾ-3 ਦੇ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ, ਮਾਲਵਾ-2 ਦੇ ਪ੍ਰਧਾਨ ਹਰਕੰਵਲ ਸਿੰਘ ਵਿਰਕ ਅਤੇ ਮਾਝਾ ਜੋਨ ਦੇ ਪ੍ਰਧਾਨ ਆਰ.ਐਸ. ਛੀਨਾ ਵੀ ਹਾਜ਼ਰ ਸਨ।

Send this to a friend