April 24, 2026 2:50 am

ਡੇਰਾਬੱਸੀ ਦੇ ਨਾਮੀ ਡਾਕਟਰ ਡੋਗਰਾ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ

ਡੇਰਾਬੱਸੀ, 16 ਅਪ੍ਰੈਲ (ਵਿਨੈ ਕੁਮਾਰ ਜੈਨ)- ਡੇਰਾਬੱਸੀ ਦੇ ਨਾਮੀ ਡਾਕਟਰ ਰਜਨੀਸ਼ ਚੰਦ ਡੋਗਰਾ (66 ਸਾਲ) ਨੇ ਆਪਣੇ ਅਨਾਜ ਮੰਡੀ ’ਚ ਮੌਜੂਦ ਕਲੀਨਿਕ ’ਚ ਸਲਫਾਸ ਦੀਆਂ ਗੋਲੀਆਂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਦੇਰ ਰਾਤ ਪੰਚਕੂਲਾ ਦੇ ਸੈਕਟਰ-21 ਸਥਿੱਤ ਅਲ-ਕੈਮਿਸਟ ਹਸਪਤਾਲ ਵਿਖੇ ਡਾਕਟਰ ਨੇ ਦਮ ਤੋੜ ਦਿੱਤਾ। ਮ੍ਰਿਤਕ ਡਾਕਟਰ ਵਲੋਂ ਲਿਖੇ ਖੁਦਕੁਸ਼ੀ ਨੋਟ ਵਿਚ ਆਪਣੇ ਸਰੀਰਕ ਤੇ ਦਿਮਾਗੀ ਪ੍ਰੇਸ਼ਾਨੀ ਨੂੰ ਆਪਣੀ ਖੁਦਕੁਸ਼ੀ ਦਾ ਕਾਰਨ ਦੱਸਿਆ ਹੈ। ਉਸ ਨੇ ਮੌਤ ਲਈ ਹੋਰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਇੱਥੇ ਦੱਸਣਾ ਲਾਜ਼ਮੀ ਹੈ ਕਿ ਡਾ. ਡੋਗਰਾ  ਸ਼ਹਿਰ ਦੇ ਸਭ ਤੋਂ ਪੁਰਾਣੇ ਡਾਕਟਰਾਂ ’ਚੋਂ ਇੱਕ ਸਨ ਅਤੇ ਕਰੀਬ 35 ਸਾਲਾਂ ਤੋਂ ਅਨਾਜ ਮੰਡੀ ਦੇ ਨੇੜੇ ਸਥਿਤ ਆਪਣੀ ਕਲੀਨਿਕ ਚਲਾਉਂਦੇ ਆ ਰਹੇ ਸਨ। ਉਹ ਡਾ. ਡੋਗਰਾ ਦੇ ਨਾਂਅ ਨਾਲ ਪ੍ਰਸਿੱਧ ਸਨ। ਉਨ੍ਹਾਂ ਕੋਲ ਡੇਰਾਬੱਸੀ, ਜ਼ੀਰਕਪੁਰ, ਲਾਲੜੂ ਸਮੇਤ ਆਸਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਸਨ ਅਤੇ ਹਰ ਸਮੇਂ ਮਰੀਜ਼ਾਂ ਦੀ ਭੀੜ ਲੱਗੀ ਰਹਿੰਦੀ ਸੀ।   

ਮਿਲੀ ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਡਾ. ਡੋਗਰਾ ਆਪਣੀ ਪਤਨੀ ਸ਼ਸ਼ੀਕਲਾ ਨਾਲ ਕਲੀਨਿਕ ਪਹੁੰਚੇ ਅਤੇ ਮਰੀਜ਼ਾਂ ਦੀ ਜਾਂਚ ਕਰਦਿਆਂ ਹੀ ਉਨ੍ਹਾਂ ਨੇ ਕਰੀਬ ਸਵਾ 11 ਵਜੇ ਆਪਣੇ ਨਾਲ ਲਿਆਂਦੀਆਂ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਸੁਸਾਇਡ ਨੋਟ ਵੀ ਡਾ. ਡੋਗਰਾ ਨੇ ਆਪਣੇ ਕਲੀਨਿਕ ’ਚ ਹੀ ਲਿਖਿਆ। ਉਹ ਮਕਾਨ ਨੰ: 67 ਐਨ.ਏ.ਸੀ. ਮਨੀਮਾਜਰਾ ਯੂ.ਟੀ. ਵਿਚ ਰਹਿੰਦੇ ਸਨ। ਉਨ੍ਹਾਂ ਦੀ ਪਤਨੀ ਡਾਕਟਰ ਸ਼ਸ਼ੀਕਲਾ ਡੋਗਰਾ ਵੀ ਗਾਇਨੀ ਦੀ ਡਾਕਟਰ ਹੈ ਜੋ ਉਨ੍ਹਾਂ ਦੇ ਨਾਲ ਹੀ ਕਲੀਨਿਕ ਵਿਚ ਬੈਠਦੀ ਹੈ। ਡਾ. ਸ਼ਸ਼ੀ ਕਲਾ ਡੋਗਰਾ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰੀ ਤੋਂ ਪੀੜਤ ਸਨ ਅਤੇ ਕੈਂਸਰ ਅਤੇ ਹਾਰਟ ਦੀ 2 ਵਾਰ ਬਾਈਪਾਸ ਸਰਜਰੀ ਹੋਈ ਸੀ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਰਹਿੰਦੇ ਸਨ। ਡਾ. ਰਜਨੀਸ਼ ਡੋਗਰਾ ਦੇ 2 ਲੜਕੇ ਹਨ ਜਿਨ੍ਹਾਂ ’ਚੋਂ ਇਕ ਅਮਰੀਕਾ ਅਤੇ ਦੂਜਾ ਆਸਟ੍ਰੇਲੀਆ ਵਿਖੇ ਰਹਿ ਰਿਹਾ ਹੈ। ਡੇਰਾਬੱਸੀ ਪੁਲਿਸ ਨੇ ਡਾਕਟਰ ਦੀ ਪਤਨੀ ਸ਼ਸ਼ੀਕਲਾ ਦੇ ਬਿਆਨ ’ਤੇ ਸੀ.ਆਰ.ਪੀ.ਸੀ. 174 ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕੀਤੀ।

Send this to a friend