April 24, 2026 2:52 am

ਸੂਬੇ ’ਚ ‘ਪੰਜਾਬ ਸਟੇਟ ਲੈਂਡਸਕੇਪਿੰਗ ਅਥਾਰਟੀ’ ਕਾਇਮ ਕਰਨ ਦੀ ਪ੍ਰਵਾਨਗੀ

prakash-singh-badal ਚੰਡੀਗੜ੍ਹ, 16 ਅਪ੍ਰੈਲ- ਸੂਬੇ ਦੇ ਸ਼ਹਿਰਾਂ ਦੇ ਸੁੰਦਰੀਕਰਨ ਅਤੇ ਪ੍ਰਦੂਸ਼ਣ ਘਟਾਉਣ ਦੇ ਦੂਹਰੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ‘ਪੰਜਾਬ ਸਟੇਟ ਲੈਂਡਸਕੇਪਿੰਗ ਅਥਾਰਟੀ’ ਦਾ ਗਠਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਬਾਰੇ ਫੈਸਲਾ ਬੁੱਧਵਾਰ ਦੇਰ ਸ਼ਾਮ ਮੁੱਖ ਮੰਤਰੀ ਰਿਹਾਇਸ਼ ’ਤੇ ਸ਼ਹਿਰੀ ਵਿਕਾਸ ਅਥਾਰਟੀਆਂ ਦੀ ਸਮੀਖਿਆ ਦੀ ਮੀਟਿੰਗ ਦੌਰਾਨ ਸ. ਬਾਦਲ ਵਲੋਂ ਲਿਆ ਗਿਆ।ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸ਼ਹਿਰਾਂ ਦੇ ਵਸਨੀਕਾਂ ਨੂੰ ਸਾਫ ਸੁਥਰੀ ਆਬੋ-ਹਵਾ ਮੁਹੱਈਆ ਕਰਵਾਉਣ ਲਈ ਹਰੇਕ ਸ਼ਹਿਰੀ ਵਿਕਾਸ ਅਥਾਰਟੀ ਵਿਚ ਵੱਖਰੇ ਤੌਰ ’ਤੇ ਬਾਗਬਾਨੀ ਵਿੰਗ ਕਾਇਮ ਕਰਨ ਲਈ ਰੱਖੀ ਤਜਵੀਜ਼ ’ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸ਼ਹਿਰਾਂ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਪੈਦਾ ਹੋ ਰਹੀਆਂ ਸਾਹ

ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਹਰਿਆਲੀ ਦਾ ਰਕਬਾ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਤੇਜ਼ੀ ਨਾਲ ਹੋਏ ਵਿਕਾਸ ਨੇ ਇਨ੍ਹਾਂ ਨੂੰ ‘ਕੰਕਰੀਟ ਜੰਗਲ’ ਦਾ ਰੂਪ ਦੇ ਦਿੱਤਾ ਹੈ ਜਿਸ ਕਰਕੇ ਸ਼ਹਿਰ ਵਾਸੀ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਇਕਮਾਤਰ ਹੱਲ ਸ਼ਹਿਰਾਂ ਵਿਚ ਹਰਿਆਲੀ ਨੂੰ ਵਧਾਉਣਾ ਹੈ ਜਿਸ ਨਾਲ ਨਾ ਸਿਰਫ ਸ਼ਹਿਰਾਂ ਦੀ ਦਿੱਖ ਸੁੰਦਰ ਹੋਵੇਗੀ ਸਗੋਂ ਪ੍ਰਦੂਸ਼ਣ ਵੀ ਘਟੇਗਾ।
ਮੁੱਖ ਮੰਤਰੀ ਨੇ ਆਖਿਆ ਕਿ ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਸ਼ਹਿਰਾਂ ਵਿਚ ਹਰਿਆਲੀ ਪੈਦਾ ਕਰਨ ਲਈ ਘੱਟ ਧਿਆਨ ਦੇ ਰਹੀਆਂ ਹਨ ਜਿਸ ਕਰਕੇ ਸੂਬਾ ਪੱਧਰ ’ਤੇ ਇੱਕ ਅਜਿਹੀ ਅਥਾਰਟੀ ਕਾਇਮ ਕੀਤੀ ਜਾਵੇ ਜੋ ਪੌਦੇ ਲਾਉਣ ’ਤੇ ਹਰਿਆਲੀ ਕਾਇਮ ਰੱਖਣ ਲਈ ਸਮੁੱਚੇ ਕਾਰਜਾਂ ਦੀ ਨਿਗਰਾਨੀ ਕਰੇ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰੀ ਸਥਾਨਕ ਇਕਾਇਆਂ ਨੂੰ ਇਸ ਉਦੇਸ਼ ਲਈ ਵਿਸ਼ੇਸ ਸਟਾਫ ਭਰਤੀ ਕਰਨ ਲਈ ਆਖਿਆ ਤਾਂ ਕਿ ‘ਪੰਜਾਬ ਸਟੇਟ ਲੈਂਡਸਕੇਪਿੰਗ ਅਥਾਰਟੀ’ ਦੀ ਛਤਰੀ ਹੇਠ ਸ਼ਹਿਰਾਂ ਦਾ ਮੁਹਾਂਦਰਾ ਬਦਲਿਆ ਜਾ ਸਕੇ। ਸ. ਬਾਦਲ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਟੀਚੇ ਨੂੰ ਨਿਰਧਾਰਤ ਸਮੇਂ ਵਿਚ ਹਾਸਲ ਕਰਨ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਜਾਵੇ।
ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼ਹਿਰਾਂ ਨੂੰ ਹਰਿਆ-ਭਰਿਆ ਬਣਾਉਣ ਲਈ ਆਪਣੀ ਯੋਜਨਾ ਦਾ ਖੁਲਾਸਾ ਕਰਦੇ ਹੋਏ ਕਿ ਇਸ ਮੰਤਵ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਰਗੀਆਂ ਮੋਹਰੀ ਸੰਸਥਾਵਾਂ ਵਿਚੋਂ ਨੌਜਵਾਨ ਤੇ ਸਿੱਖਿਅਤ ਮਾਹਿਰਾਂ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਸੂਬੇ ਦੇ ਸ਼ਹਿਰਾਂ ਨੂੰ ਨਵੀਂ ਜੀਵਨ ਧਾਰਾ ਦੇਣਾ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ। ਉਪ ਮੁੱਖ ਮੰਤਰੀ ਨੇ ਆਖਿਆ ਕਿ ‘ਪੰਜਾਬ ਸਟੇਟ ਲੈਂਡਸਕੇਪਿੰਗ ਅਥਾਰਟੀ’ ਸ਼ਹਿਰਾਂ ਨੂੰ ਹਰਿਆਲੀ ਪੱਖੋਂ ਨਵੀਂ ਦਿੱਖ ਦੇਣ ਲਈ ਮੀਲ ਪੱਥਰ ਸਾਬਤ ਹੋਵੇਗੀ।
ਉਪ ਮੁੱਖ ਮੰਤਰੀ ਨੇ ਆਖਿਆ ਕਿ ਲੈਂਡਸਕੇਪਿੰਗ ਨੂੰ ਵਿਕਸਤ ਕਰਨ ਲਈ ਕਰੋੜਾਂ ਰੁਪਏ ਖਰਚੇ ਗਏ ਪਰ ਇਸ ਖੇਤਰ ਵਿਚ ਮੁਹਾਰਤ ਤੇ ਗਿਆਨ ਦੀ ਘਾਟ ਕਰਕੇ ਪਾਰਕਾਂ ਦੀ ਹਾਲਤ ਖਸਤਾ ਹੋ ਗਈ ਹੈ। ਉਨ੍ਹਾਂ ਆਖਿਆ ਕਿ ਨਵੀਂ ਕਾਇਮ ਕੀਤੀ ਜਾਣ ਵਾਲੀ ‘ਪੰਜਾਬ ਸਟੇਟ ਲੈਂਡਸਕੇਪਿੰਗ ਅਥਾਰਟੀ’ ਰਾਹੀਂ ਇਨ੍ਹਾਂ ਪਾਰਕਾਂ ਦੀ ਸਾਂਭ-ਸੰਭਾਲ ਤੋਂ ਇਲਾਵਾ ਜਨਤਕ ਅਦਾਰਿਆਂ ਵਿਚ ਹਰੀ ਪੱਟੀ ਵਿਛਾਉਣ ਦਾ ਕੰਮ ਕੀਤਾ ਜਾਵੇ ਜਿਸ ਨਾਲ ਨਾ ਸਿਰਫ ਇਸ ਕੰਮ ਨੂੰ ਪੇਸ਼ੇਵਰ ਪਹੁੰਚ ਹਾਸਲ ਹੋਵੇਗੀ ਸਗੋਂ ਲੋਕ ਨਿਰਮਾਣ ਵਿਭਾਗ ਤੇ ਹੋਰ ਸ਼ਹਿਰੀ ਅਥਾਰਟੀਆਂ ਵਲੋਂ ਆਪੋ-ਆਪਣੇ ਪੱਧਰ ’ਤੇ ਕੀਤੇ ਜਾਂਦੇ ਕੰਮਾਂ ਕਾਰਨ ਹੁੰਦੇ ਖਰਚਿਆਂ ਵਿਚ ਵੀ ਕਟੌਤੀ ਹੋਵੇਗੀ।
ਮੀਟਿੰਗ ਵਿਚ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਤੇ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਵਿੱਤ ਸ੍ਰੀਮਤੀ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਸ਼੍ਰੀ ਵਿਸ਼ਵਾਜੀਤ ਖੰਨਾ, ਸਕੱਤਰ ਸਥਾਨਕ ਸਰਕਾਰ ਸ਼੍ਰੀ ਅਸ਼ੋਕ ਗੁਪਤਾ ਅਤੇ ਮੁੱਖ ਪ੍ਰਸ਼ਾਸਕ ਪੁੱਡਾ ਸ਼੍ਰੀ ਮਨਵੇਸ਼ ਸਿੰਘ ਸਿੱਧੂ ਹਾਜ਼ਰ ਸਨ।

Send this to a friend