ਗੋਬਿੰਦ ਸਿੰਘ ਲੌਂਗੋਵਾਲ 37,501 ਵੋਟਾਂ ਦੇ ਫ਼ਰਕ ਨਾਲ ਜੇਤੂ ਕਰਾਰ
ਸੰਗਰੂਰ, 15 ਅਪ੍ਰੈਲ- 107-ਧੂਰੀ ਵਿਧਾਨ ਸਭਾ ਦੀ 11 ਅਪ੍ਰੈਲ ਨੂੰ ਹੋਈ ਉਪ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਗੋਬਿੰਦ ਸਿੰਘ ਲੌਂਗੋਵਾਲ 37,501 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਇਸ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਧੂਰੀ ਹਲਕੇ ਦੇ ਕੁਲ 1 ਲੱਖ 51 ਹਜ਼ਾਰ 952 ਵੋਟਰਾਂ ਵਿੱਚੋਂ 1 ਲੱਖ 10 ਹਜ਼ਾਰ 951 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅੱਜ ਹੋਈ ਵੋਟਾਂ ਦੀ ਗਿਣਤੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਕੁਲ 67 ਹਜ਼ਾਰ 596 ਵੋਟਾਂ, ਕਾਂਗਰਸ ਦੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਨੂੰ
30 ਹਜ਼ਾਰ 95 ਵੋਟਾਂ ਅਤੇ ਸ਼੍ਰੋਮਣੀ ਅਕਾਲੀ (ਅ) ਦੇ ਉਮੀਦਵਾਰ ਸ. ਸੁਰਜੀਤ ਸਿੰਘ ਕਾਲਾਬੂਲਾ ਨੂੰ 7554 ਵੋਟਾਂ ਹਾਸਲ ਹੋਈਆਂ। ਸ੍ਰੀ ਧੀਮਾਨ ਨੇ ਦੱਸਿਆ ਕਿ ਸੀ.ਪੀ.ਆਈ. ਦੇ ਉਮੀਦਵਾਰ ਸ੍ਰੀ ਸੁਖਦੇਵਰਾਮ ਸ਼ਰਮਾ ਨੂੰ 1933 ਵੋਟਾਂ, ਜੈ ਜਵਾਨ ਜੈ ਕਿਸਾਨ ਦੀ ਉਮੀਦਵਾਰ ਸ੍ਰੀਮਤੀ ਮਨਜੀਤ ਕੌਰ ਨੂੰ 203 ਵੋਟਾਂ, ਆਜ਼ਾਦ ਉਮੀਦਵਾਰ ਸ. ਸਰਬਜੀਤ ਸਿੰਘ ਨੂੰ 261, ਸ. ਗੁਰਪ੍ਰੀਤ ਸਿੰਘ ਨੂੰ 134, ਸ. ਗੁਰਮੀਤ ਸਿੰਘ ਨੂੰ 397, ਜ਼ੋਰਾ ਸਿੰਘ 174, ਵਿਕਰਮ ਕੁਮਾਰ ਨੂੰ 835,
ਰਣਜੀਤ ਭਸੀਨ ਨੂੰ 535 ਅਤੇ ਸ੍ਰੀ ਰਤਨ ਲਾਲ ਨੂੰ 163 ਵੋਟਾਂ ਪਈਆਂ ਜਦਕਿ 1071 ਵੋਟਰਾਂ ਵੱਲੋਂ ‘ਨੋਟਾ’ ਬਟਨ ਦੀ ਵਰਤੋਂ ਕੀਤੀ ਗਈ।