ਬਠਿੰਡਾ, 15 ਅਪ੍ਰੈਲ (ਗੁਰਤੇਜ ਸਿੰਘ ਸਿੱਧੂ, ਅਮਰਜੀਤ ਸਿੰਘ ਸਿੱਧੂ)- ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਿਚ ਆਪਣੀ ਕਿਸਮ ਦੇ ਬਣਨ ਵਾਲੇ ਪਹਿਲੇ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਸੈਂਟਰ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਹੁਣ ਸੂਬੇ ਅੰਦਰ ਬਾਕਾਇਦਾ ਕੌਮਾਂਤਰੀ ਨਿਯਮਾਂ ਤਹਿਤ ਬਣਾਏ ਜਾਣ ਵਾਲੇ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰਾਂ ਵਿਚ ਟੈਸਟ ਲੈਣ ਪਿੱਛੋਂ ਸਿਰਫ ਅੱਧੇ ਘੰਟੇ ’ਚ ਡਰਾਇਵਿੰਗ ਲਾਇਸੈਂਸ ਮੁਹੱਈਆ ਕੀਤੇ ਜਾਇਆ ਕਰਨਗੇ।ਅੱਜ ਇੱਥੇ ਨੀਂਹ ਪੱਥਰ ਰੱਖਣ ਉਪਰੰਤ ਪੰਜਾਬ ਦੇ ਟਰਾਂਸਪਰੋਟ ਮੰਤਰੀ ਸ੍ਰ. ਅਜੀਤ ਸਿੰਘ ਕੋਹਾੜ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਬਹੁਤ ਹੀ ਘੱਟ ਸਮੇਂ ਵਿਚ ਮੌਕੇ ’ਤੇ ਹੀ ਡਰਾਇਵਿੰਗ ਲਾਇਸੈਂਸ ਮਿਲਿਆ ਕਰਨਗੇ, ਜਿਸ ਤਹਿਤ ਰਾਜ ਅੰਦਰ 32 ਅਜਿਹੇ ਕੇਂਦਰਾਂ ਦੀ ਸਥਾਪਤੀ ਕੀਤੀ ਜਾ ਰਹੀ ਹੈ, ਜਿੱਥੇ ਆਉਂਦੇ 4 ਮਹੀਨਿਆਂ ’ਚ ਮੁਕੰਮਲ ਤੌਰ ’ਤੇ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੈਂਟਰ ਲੋਕਾਂ ਦਾ ਜ਼ਿਲ੍ਹਾ ਟਰਾਂਸਪੋਰਟ ਦਫ਼ਤਰਾਂ ਨਾਲ ਰਾਬਤਾ ਖਤਮ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਸਾਨ ਢੰਗ ਨਾਲ ਲੋੜੀਂਦੇ ਲਾਇਸੰਸ ਮੁਹੱਈਆ ਕਰਵਾਉਣਗੇ। ਉਨ੍ਹਾਂ
ਕਿਹਾ ਕਿ ਇਨ੍ਹਾਂ ਸੈਂਟਰਾਂ ਦੀ ਸਥਾਪਤੀ ਨਾਲ ਪੰਜਾਬ ਲਈ ਦੇਸ਼ ਅੰਦਰ ਟਰਾਂਸਪੋਰਟ ਸੁਧਾਰਾਂ ’ਚ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਂਟਰ ਅਤਿ-ਆਧੁਨਿਕ ਉਪਕਰਨਾ ਨਾਲ ਲੈਸ ਹੋਣਗੇ ਅਤੇ ਨਾਮੀ 4 ਪਹੀਆ ਅਤੇ 2 ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਮਾਰੂਤੀ-ਸੁਜੂਕੀ ਇਨ੍ਹਾਂ ਸੈਂਟਰਾਂ ਵਿਚ ਡਰਾਇਵਿੰਗ ਟ੍ਰੇਨਿੰਗ ਇੰਸਟੀਚਿਊਟ ਵੀ ਚਲਾਵੇਗੀ, ਤਾਂ ਜੋ ਨੌਜਵਾਨਾਂ ਨੂੰ ਡਰਾਇਵਿੰਗ ’ਚ ਪਰਪੱਕ ਕੀਤਾ ਜਾ ਸਕੇ।
ਇਕ ਸਵਾਲ ਦੇ ਜਵਾਬ ’ਚ ਸ੍ਰ. ਬਾਦਲ ਨੇ ਸੂਬੇ ਅੰਦਰ ਆਉਣ ਵਾਲੇ ਸਮੇਂ ’ਚ ਲਾਗੂ ਕੀਤੇ ਜਾ ਰਹੇ ਪ੍ਰਸ਼ਾਸ਼ਨਿਕ ਸੁਧਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਂਦੇ ਜੁਲਾਈ ਤੱਕ ਸੂਬੇ ਵਿਚ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਰਾਹੀਂ ਸ਼ਹਿਰੀ ਤੇ ਪੇਂਡੂ ਵਸੋਂ 200 ਤੋਂ ਵੱਧ ਨਾਗਰਿਕ ਸੇਵਾਵਾਂ ਲੈ ਸਕੇਗੀ ਅਤੇ ਦਸੰਬਰ ਦੇ ਅੰਤ ਤੱਕ ਸਾਰੇ ਵਿਭਾਗਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਲ ਦੇ ਅੰਤ ਤੱਕ ਲੋਕਾਂ ਨੂੰ ਸਰਕਾਰੀ ਸੇਵਾਵਾਂ ਲਈ ਦਫ਼ਤਰਾਂ ’ਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ’ਤੇ ਉਹ ਘਰ ਬੈਠੇ ਹੀ ਕੰਪਿਊਟਰ ਰਾਹੀਂ ਲੋੜੀਂਦੀਆਂ ਸੇਵਾਵਾਂ ਲੈ ਸਕਣਗੇ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਵਲੋਂ ਬੀਤੇ ਦਿਨ ਕਿਸਾਨਾਂ ਨੂੰ 60 ਸਾਲ ਦੀ ਉਮਰ ਉਪਰੰਤ 5000 ਰੁਪਏ ਮਹੀਨਾ ਪੈਨਸ਼ਨ ਦੇਣ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਅਥਾਹ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਦੇਸ਼ ਦੀ ਕਿਸਾਨੀ ਲਈ ਇਹ ਇਕ ਦੂਰ ਅੰਦੇਸ਼ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਤੰਗੀਆਂ-ਤੁਰਸ਼ੀਆਂ ’ਚੋਂ ਗੁਜ਼ਰ ਰਹੀ ਦੇਸ਼ ਦੀ ਕਿਸਾਨੀ ਦੇ ਹੌਂਸਲੇ ਬੁ¦ਦ ਹੋਣਗੇ।
ਸਮਾਗਮ ਦੌਰਾਨ ਮੌਜੂਦ ਸਖਸ਼ੀਅਤਾਂ ਵਿਚ ਟਰਾਂਸਪੋਰਟ ਮੰਤਰੀ ਸ੍ਰ. ਅਜੀਤ ਸਿੰਘ ਕੋਹਾੜ, ਵਿਧਾਇਕ ਬਠਿੰਡਾ ਦਿਹਾਤੀ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਸਕੱਤਰ ਟਰਾਂਸਪੋਰਟ ਸ਼੍ਰੀ ਅਨੁਰਾਗ ਅਗਰਵਾਲ, ਰਾਜ ਟਰਾਂਸਪੋਰਟ ਕਮਿਸ਼ਨਰ ਸ਼੍ਰੀ ਅਸ਼ਵਨੀ ਕੁਮਾਰ, ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ਼੍ਰੀ ਹਰਜਿੰਦਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਡਾ. ਓਮ ਪ੍ਰਕਾਸ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।