ਸੁਖਬੀਰ ਬਾਦਲ ਨੇ ਪੰਜਾਬ ਦਾ ਅਕਸ ਖਰਾਬ ਕਰਨ ਲਈ ਰਾਹੁਲ ਗਾਂਧੀ ਨੂੰ ਲਿਆ ਕਰੜੇ ਹੱਥੀਂ
ਤਖਤ ਸ੍ਰੀ ਦਮਦਮਾ ਸਾਹਿਬ/ ਤਲਵੰਡੀ ਸਾਬੋ, 14 ਅਪ੍ਰੈਲ- ਫਸਲਾਂ ਦੇ ਭਾਅ ਮਿੱਥਣ ਦੀ ਮੌਜੂਦਾ ਪ੍ਰਚਲਿਤ ਪ੍ਰਣਾਲੀ ਨੂੰ ਵੇਲਾ ਵਿਹਾਅ ਚੁੱਕੀ ਪ੍ਰਕ੍ਰਿਆ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਇਕ ਉ¤ਚ-ਤਾਕਤੀ ਕਮੇਟੀ ਦਾ ਗਠਨ ਕਰੇ, ਜੋ ਫਸਲਾਂ ਦੇ ਵਾਜਿਬ ਭਾਅ ਮਿੱਥਣ ਦੇ ਨਾਲ ਨਾਲ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵੀ ਅਗਵਾਈ ਲੀਹਾਂ ਦੇਵੇ।ਅੱਜ ਇੱਥੇ ਵਿਸਾਖੀ ਮੌਕੇ ਆਯੋਜਿਤ ਸਿਆਸੀ ਕਾਨਫਰੰਸ ’ਚ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਲਾਗਤਾਂ ਅਤੇ ਮੁੱਲ ਨਿਰਧਾਰਨ ਕਮਿਸ਼ਨ ਰਾਹੀਂ ਹਰ ਸਾਲ ਫਸਲਾਂ ਦੇ ਭਾਅ ਮਿੱਥਣ ਦੀ ਪ੍ਰਣਾਲੀ ਹੁਣ ਸਮੇਂ ਦੇ ਹਾਲਾਤ ਅਨੁਕੂਲ ਨਹੀਂ ਰਹੀ ਅਤੇ ਇਹ ਸਮੇਂ ਦੀ ਮੰਗ ਹੈ ਕਿ ਇਸ ਪ੍ਰਣਾਲੀ ਨੂੰ
ਛੱਡ ਕੇ ਹੁਣ ਇਕ ਉ¤ਚ ਤਾਕਤੀ ਕਮੇਟੀ ਦਾ ਗਠਨ ਕੀਤਾ ਜਾਵੇ, ਜਿਸ ਵਿਚ ਖੇਤੀ ਮਾਹਿਰ, ਅਧਿਕਾਰੀ ਅਤੇ ਹੋਰ ਪ੍ਰਮੁੱਖ ਲੋਕ ਸ਼ਾਮਿਲ ਕੀਤੇ ਜਾਣ ਜੋ ਮੌਜੂਦਾ ਕਿਸਾਨੀ ਨੂੰ ਵੱਡੇ ਆਰਥਿਕ ਸਕੰਟ ਵਿਚੋਂ ਕੱਢ ਸਕਣ। ਉਨ੍ਹਾਂ ਕਿਹਾ ਕਿ ਇਹ ਕਮੇਟੀ ਨਾ ਕੇਵਲ ਫਸਲਾਂ ਦੇ ਮੁੱਲ ਨਿਰਧਾਰਨ ਦਾ ਕੰਮ ਕਰੇ ਸਗੋਂ ਕਿਸਾਨੀ ਦੀ ਭਲਾਈ ਲਈ ਖੋਜ ਅਤੇ ਪ੍ਰਸਾਰ ਸਮੇਤ ਹੋਰ ਢੁੱਕਵੀਆਂ ਨੀਤੀਆਂ ਬਣਾਉਣ ਲਈ ਵੀ ਸਿਫਾਰਸ਼ਾਂ ਦੇਵੇ। ਸ: ਬਾਦਲ ਨੇ ਕਿਹਾ ਕਿ ਉਹ ਜਲਦੀ ਹੀ ਇਸ ਮਸਲੇ ਨੂੰ ਭਾਰਤ ਸਰਕਾਰ ਕੋਲ ਉਠਾਉਣਗੇ ਤਾਂ ਜੋ ਦੇਸ਼ ਦੇ ਮਿਹਨਤੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।
ਫਸਲਾਂ ਦੇ ਭਾਅ ਨਿਸ਼ਚਿਤ ਕਰਨ ਲਈ ਡਾ. ਸਵਾਮੀਨਾਥਨ ਫਾਰਮੂਲੇ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਕਤ ਦੀ ਜ਼ਰੂਰਤ ਹੈ ਕਿ ਵਿਸ਼ਵ ਪ੍ਰਸਿੱਧ ਖੇਤੀ ਮਾਹਿਰ ਵੱਲੋਂ ਦਿੱਤੇ ਗਏ ਫਾਰਮੂਲੇ ਨੂੰ ਮੰਨਿਆ ਜਾਵੇ ਜਿਸ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ’ਤੇ 50 ਫੀਸਦੀ ਮੁਨਾਫਾ ਦਿੱਤਾ ਜਾਵੇ। ਉਨ੍ਹਾਂ ਆਸ ਪ੍ਰਗਟਾਈ ਕਿ ਜਿਵੇਂ ਕਿ ਇਹ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਵੀ ਸ਼ਾਮਿਲ ਰਿਹਾ ਹੈ, ਇਸ ਲਈ ਐਨ.ਡੀ.ਏ. ਸਰਕਾਰ ਇਸ ਨੀਤੀ ਨੂੰ ਜਲਦ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਤਥਾਕਥਿਤ ਖੇਤੀ ਮਾਹਿਰਾਂ ਵੱਲੋਂ ਆਪਣਂੇ ਦਿੱਲੀ ਦੇ ਦਫ਼ਤਰਾਂ ਵਿਚ ਬੈਠ ਕੇ ਨਿਰਧਾਰਤ ਕੀਤੇ ਜਾਂਦੇ ਘੱਟੋ ਘੱਟ ਸਮੱਰਥਨ ਮੁੱਲ ਦੇ ਸਹਾਰੇ ਕਿਸਾਨੀ ਨੂੰ ਨਹੀਂ ਬਚਾਇਆ ਜਾ ਸਕਦਾ ਹੈ ਬਲਕਿ ਜੇਕਰ ਦੇਸ਼ ਦੀ ਅੰਨ ਸੁਰੱਖਿਆ ਦੀ ਰਾਖੀ ਕਰਨੀ ਹੈ ਤਾਂ ਡਾ: ਐਮ. ਸਵਾਮੀਨਾਥਨ ਵੱਲੋਂ ਨਿਰਧਾਰਤ ਫਾਰਮੂਲੇ ਨੂੰ ਲਾਗੂ ਕਰਨਾ ਹੀ ਪਵੇਗਾ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਪੰਜਾਬ ਦਾ ਅਕਸ ਖਰਾਬ ਕਰਨ ਲਈ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਵੱਲੋਂ ਮਿਹਨਤੀ ਪੰਜਾਬੀਆਂ ਦੀ ਮੁਲਕ ਭਰ ਵਿਚ ਛਵੀ ਖਰਾਬ ਕਰਨ ਲਈ ਇਕ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਸ੍ਰੀ ਗਾਂਧੀ ਪੰਜਾਬੀਆਂ ਨੂੰ ਨਸ਼ੇ ਦੇ ਨਾਂਅ ਤੇ ਝੂਠਾ ਬਦਨਾਮ ਕਰ ਰਹੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਪੰਜਾਬ ਤਾਂ ਨਸ਼ਿਆਂ ਦੇ ਖਿਲਾਫ ਕੌਮੀ ਜੰਗ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੰਤਰ ਰਾਸ਼ਟਰੀ ਹੱਦ ਪਾਰੋਂ ਆਉਂਦੇ ਨਸ਼ੇ ਨੂੰ ਫੜ ਕਿ ਦੇਸ਼ ਦੇ ਹਜਾਰਾਂ ਹੀ ਨੌਜਵਾਨਾਂ ਨੂੰ ਬਚਾ ਲਿਆ ਹੈ ਕਿਉਂਕਿ ਜੇਕਰ ਇਹ ਨਸ਼ੇ ਕਾਬੂ ਨਾ ਕੀਤੇ ਜਾਂਦੇ ਤਾਂ ਇੰਨ੍ਹਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਨੌਜਵਾਨੀ ਦੀ ਤਬਾਹੀ ਦਾ ਕਾਰਨ ਬਣਨਾ ਸੀ।
ਦੇਸ਼ ਦੀ ਤਰੱਕੀ, ਅਜਾਦੀ ਦੀ ਲੜਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਗੌਰਵਸ਼ਾਲੀ ਯੋਗਦਾਨ ਦੀ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ ਜੋ ਕਿ ਹਮੇਸ਼ਾਂ ਹੀ ਦੇਸ਼ ਦੀ ਭਲਾਈ ਲਈ ਲੜਦੀ ਆਈ ਹੈ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਲੋਕਲੁਭਾਵਣੇ ਨਾਅਰਿਆਂ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ ਕਰਦੀਆਂ ਹਨ ਪਰ ਇਹ ਪਾਰਟੀਆਂ ਪਾਣੀ ਦੇ ਬੁਲਬੁਲੇ ਵਾਂਗ ਹਨ ਜੋ ਸਮੇਂ ਨਾਲ ਅਲੋਪ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵੀ ਅਜਿਹੀ ਹੀ ਪਾਰਟੀ ਹੈ ਜੋ ਕਿ ਲੋਕਾਂ ਲਈ ਵੀ ਕੁਝ ਵੀ ਕਰਨ ਵਿਚ ਅਸਫਲ ਰਹੀ ਹੈ।
ਆਪਣੇ ਭਾਸ਼ਣ ਦੌਰਾਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਸਿੱਖ ਗੁਰੂਆਂ ਦੇ ਦੱਸੇ ਗਏ ਰਾਹ ’ਤੇ ਚੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖ ਗੁਰੂਆਂ ਸਮਾਨ ਸਾਨੂੰ ਵੀ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਵਰਗੇ ਪਾਪ ਨੂੰ ਛੱਡਕੇ ਸਾਨੂੰ ਸਾਡੀਆਂ ਧੀਆਂ ਬਚਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਔਰਤਾਂ ਦੇ ਪ੍ਰਤੀ ਹੋਣ ਵਾਲੇ ਅਤਿਆਚਾਰ ਨੂੰ ਠੱਲ੍ਹ ਪਾਉਣੀ ਵੀ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਰਾਜ ਸਭਾ ਮੈਂਬਰ ਸ੍ਰ. ਬਲਵਿੰਦਰ ਸਿੰਘ ਭੂੰਦੜ, ਕੈਬਨਿਟ ਮੰਤਰੀ ਸ਼੍ਰੀ ਸਿਕੰਦਰ ਸਿੰਘ ਮਲੂਕਾ ਅਤੇ ਸ਼੍ਰੀ ਜਨਮੇਜਾ ਸਿੰਘ ਸੇਖੋਂ, ਮੁੱਖ ਮੰਤਰੀ ਕੌਮੀ ਮਾਮਲਿਆਂ ਅਤੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ, ਮੁੱਖ ਸੰਸਦੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ, ਵਿਧਾਇਕ ਸ਼੍ਰੀ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ,ਹਲਕਾ ਭੁੱਚੋ ਦੇ ਇੰਚਾਰਜ ਜਗਸੀਰ ਸਿੰਘ ਕਲਿਆਣ ਅਤੇ ਬਲਕਾਰ ਸਿੰਘ ਬਰਾੜ ਹਾਜ਼ਰ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ, ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਵਿਖੇ ਅੱਖਾਂ ਦੇ ਰੌਸ਼ਨੀ ਆਈ ਹਸਪਤਾਲ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਡੀ.ਡੀ. ਮਿੱਤਲ ਟਾਵਰ ਦੇ ਫਲੈਟ ਮਾਲਕਾਂ ਨੂੰ ਉਨ੍ਹਾਂ ਦੇ ਘਰ ਦੀਆਂ ਚਾਬੀਆਂ ਸੌਂਪੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਐਸ.ਪੀ.ਐਸ. ਗਰੇਵਾਲ ਅਤੇ ਐਮ.ਡੀ ਬਠਿੰਡਾ ਕੈਮੀਕਲ ਲਿਮਟਿਡ ਸ਼੍ਰੀ ਰਜਿੰਦਰ ਮਿੱਤਲ ਵੀ ਸ਼ਾਮਿਲ ਸਨ।